ਅਸ਼ੋਕ ਵਰਮਾ
ਬਠਿੰਡਾ, 3 ਜੂਨ 2020 - ਕੋਵਿਡ-19 ਲਾਕਡਾਊਨ ਦੌਰਾਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਮੱਦੇਨਜ਼ਰ ਵਿਦਿਆਰਥੀਆਂ ਲਈ ਮਾਹਿਰਾਂ ਦੇ ਆਨਲਾਈਨ ਇੰਟਰੈਕਸ਼ਨ ਸੈਸ਼ਨਾਂ ਦੀ ਲੜੀ ਤਹਿਤ ਬਾਬਾ ਫ਼ਰੀਦ ਕਾਲਜ ਦੇ ਐਗਰੀਕਲਚਰ ਵਿਭਾਗ ਨੇ ‘ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ’ ਦੇ ਵਿਸ਼ੇ ‘ਤੇ ਇੱਕ ਰੋਜ਼ਾ ਆਨਲਾਈਨ ਸੈਮੀਨਾਰ ਕਰਵਾਇਆ । ਇਸ ਸੈਮੀਨਾਰ ਵਿਚ 100 ਦੇ ਲਗਭਗ ਵਿਦਿਆਰਥੀਆਂ ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਸੈਮੀਨਾਰ ਵਿੱਚ ਕਾਲਜ ਦੇ ਐਲੂਮਨੀ ਅਜੈ ਸਿੰਘ ਜਾਖੜ ਨੇ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ ਜੋ ਮੁਹਾਲੀ ਵਿਖੇ ਐਗਰੀਮੈਂਟਰਜ਼ ਨਾਂ ਦੀ ਕੋਚਿੰਗ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਹਨ। ਇਹ ਸੰਸਥਾ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਜਿਵੇਂ ਕਿ ਐਨ.ਈ.ਈ.ਟੀ., ਜੇ.ਆਰ.ਐਫ, ਆਈ.ਬੀ.ਪੀ.ਐਸ, ਨਾਬਾਰਡ, ਐਨ.ਐਸ.ਸੀ, ਏ.ਈ.ਓ, ਏ.ਡੀ.ਓ. ਅਤੇ ਇਫ਼ਕੋ ਲਈ ਤਿਆਰ ਕਰਦੀ ਹੈ। ਸ੍ਰੀ ਅਜੈ ਸਿੰਘ ਜਾਖੜ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਪਿਛਲੇ ਕੁੱਝ ਸਾਲਾਂ ਤੋਂ ਵਿਦਿਆਰਥੀਆਂ ਨੂੰ ਉਨਾਂ ਦੀ ਸਫਲਤਾ ਦੇ ਰਾਹ ਬਾਰੇ ਸੇਧ ਦੇਣ ਲਈ ਇੱਕ ਸਲਾਹਕਾਰ ਵਜੋਂ ਕੰਮ ਕਰ ਰਿਹਾ ਹੈ ।
ਉਨ੍ਹਾਂ ਨੇ ਖੇਤੀਬਾੜੀ ਸੈਕਟਰ ਦੇ ਆਧਾਰਤ ਵੱਖ-ਵੱਖ ਪ੍ਰੀਖਿਆਵਾਂ ਨੂੰ ਪਾਸ ਕਰ ਕੇ ਗਰੈਜੂਏਸ਼ਨ ਤੋਂ ਬਾਅਦ ਦੇ ਵੱਖ-ਵੱਖ ਮੌਕਿਆਂ ਬਾਰੇ ਗੱਲ ਕੀਤੀ। ਸੈਮੀਨਾਰ ਦੇ ਅੰਤ ਵਿੱਚ ਸ੍ਰੀ ਜਾਖੜ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਤਿਆਰੀ ਦੇ ਕੰਮ ਨਾਲ ਲਗਾਤਾਰ ਜੁੜੇ ਰਹਿਣ ਦੀ ਸਲਾਹ ਦਿੱਤੀ ਅਤੇ ਨਿਰੰਤਰ ਸਖ਼ਤ ਮਿਹਨਤ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨਾਂ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਉਹ ਹਮੇਸ਼ਾ ਉਪਲਬਧ ਰਹਿਣਗੇ। ਇਸ ਮੌਕੇ ਵਿਦਿਆਰਥੀਆਂ ਨੇ ਪ੍ਰੀਖਿਆ ਦੇ ਤਣਾਅ ਨਾਲ ਨਜਿੱਠਣ ਲਈ ਆਪਣੀਆਂ ਚਿੰਤਾਵਾਂ ਵੀ ਸਾਂਝੀਆਂ ਕੀਤੀਆਂ।
ਅਖੀਰ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦਾ ਤਸੱਲੀਬਖ਼ਸ਼ ਜਵਾਬ ਦੇ ਕੇ ਸ੍ਰੀ ਅਜੈ ਜਾਖੜ ਨੇ ਹਰ ਸ਼ੰਕਾ ਨੂੰ ਦੂਰ ਕੀਤਾ। ਇਹ ਸੈਮੀਨਾਰ ਬਹੁਤ ਸਫਲ ਰਿਹਾ ਅਤੇ ਵਿਦਿਆਰਥੀਆਂ ਦੁਆਰਾ ਵੱਡੀ ਪੱਧਰ ‘ਤੇ ਇਸ ਦੀ ਪ੍ਰਸੰਸਾ ਕੀਤੀ ਗਈ। ਖੇਤੀਬਾੜੀ ਵਿਭਾਗ ਦੇ ਮੁਖੀ ਨੇ ਮਹਿਮਾਨ ਬੁਲਾਰੇ ਦਾ ਧੰਨਵਾਦ ਕੀਤਾ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।