ਦਿਨੇਸ਼
- 3 ਬਾਹਰੀ ਜ਼ਿਲ੍ਹਿਆਂ 'ਚ, ਇੱਕ ਘਣੀ ਅਬਾਦੀ ਦਾ
ਗੁਰਦਾਸਪੁਰ, 3 ਜੂਨ 2020 - ਜ਼ਿਲ੍ਹੇ ਅੰਦਰ ਇੱਕੋ ਦਿਨ ਵਿੱਚ 4 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ,ਜਿਸ ਦੇ ਨਾਲ ਹੀ ਜਿਲ੍ਹੇ ਅੰਦਰ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 10 ਤੱਕ ਪਹੁੰਚ ਚੁੱਕੀ ਹੈ। ਹਾਲਾਂ ਕਿ ਪਾਜ਼ੀਟਿਵ ਪਾਏ ਗਏ ਇਹਨਾਂ ਲੋਕਾਂ ਵਿੱਚ ਦੋ ਅਜਿਹੇ ਕੈਦੀ ਸ਼ਾਮਿਲ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਬਾਹਰੀ ਜਿਲ੍ਹਿਆਂ ਦੀਆਂ ਜੇਲ੍ਹਾਂ ਵਿਖੇ ਬੰਦ ਹਨ ਅਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਉੱਥੇ ਰਹਿੰਦੀਆਂ ਹੀ ਪਾਜ਼ਿਟਿਵ ਪਾਈ ਗਈ ਹੈ। ਇਸੇ ਤਰ੍ਹਾਂ ਤੀਸਰੀ ਪਾਜ਼ੀਟਿਵ ਮਰੀਜ਼ ਇੱਕ ਔਰਤ ਹੈ, ਜੋ ਕਿ ਜਲੰਧਰ ਵਿਖੇ ਰਹਿ ਰਹੀ ਸੀ ਅਤੇ ਮੌਜੂਦਾ ਸਮੇਂ ਦੌਰਾਨ ਉਸ ਦਾ ਇਲਾਜ ਵੀ ਉੱਥੇ ਹੀ ਚੱਲ ਰਿਹਾ ਹੈ। ਪਰ ਇਹਨਾਂ ਵਿੱਚੋਂ ਗੁਰਦਾਸਪੁਰ ਸਿਟੀ ਵਿਖੇ ਸਥਿਤ ਵੱਡੇ ਕੱਪੜਾ ਕਾਰੋਬਾਰ ਦਾ ਮਾਲਕ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ਅਤੇ ਉਸ ਦੀ ਰਿਹਾਇਸ਼ ਦੇ ਨਾਲ ਨਾਲ ਸ਼ੋਅਰੂਮ ਵੀ ਸ਼ਹਿਰ ਦੀ ਘਣੀ ਵਸੋਂ ਵਿੱਚ ਹੈ। ਜਿਸ ਕਾਰਨ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਤੋਂ ਬਾਦ ਗੁਰਦਾਸਪੁਰ ਵਾਸੀਆਂ ਦੇ ਸਾਹ ਸੂਤੇ ਹੋਏ ਹਨ।
ਪੂਰੇ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਨੇ ਦੱਸਿਆ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਹੁਣ ਤੱਕ ਕੋਰੋਨਾ ਦੇ ਕੁੱਲ 3972 ਸੈਂਪਲ ਲਏ ਗਏ ਹਨ ਅਤੇ ਇਹਨਾਂ ਵਿੱਚੋਂ 3573 ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ। ਇਸੇ ਤਰਾਂ 254 ਸੈਂਪਲਾਂ ਦੇ ਨਤੀਜੇ ਆਉਣਾ ਹੱਲੇ ਬਾਕੀ ਹਨ ਅਤੇ ਇਹਨਾਂ ਵਿੱਚੋਂ 122 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 4 ਨਵੇਂ ਲੋਕਾਂ ਦੀ ਰਿਪੋਰਟ ਪਾਜ਼ਿਟਿਵ ਆਉਣ ਦੇ ਨਾਲ ਜ਼ਿਲ੍ਹੇ ਭਰ ਵਿਖੇ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ ਵਧ ਕੇ 10 ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਜ਼ਿਲ੍ਹੇ ਅੰਦਰ ਹੁਣ ਤੱਕ ਕੁੱਲ 3 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ ਅਤੇ ਇਹ ਸਾਰੇ ਲੋਕ 60 ਤੋਂ ਉੱਪਰ ਉਮਰ ਹੋਣ ਦੇ ਨਾਲ ਨਾਲ ਸ਼ੂਗਰ ਅਤੇ ਦਿਲ ਆਦੀ ਦੇ ਪੁਰਾਣੇ ਰੋਗੀ ਸੰਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਹੁਣ ਤੱਕ ਕਿਸੇ ਵੀ ਘੱਟ ਉਮਰ ਦੇ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਨਹੀਂ ਆਈ ਅਤੇ ਤਿੰਨਾਂ ਬਜ਼ੁਰਗਾਂ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਕਿਸੇ ਦੀ ਵੀ ਕੋਰੋਨਾ ਵਾਇਰਸ ਨਾਲ ਮੌਤ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਇੱਕ ਦੁੱਕਾ ਕੇਸਾਂ ਨੂੰ ਛੱਡ ਕੇ ਕਿਸੇ ਵੀ ਮਰੀਜ਼ ਅੰਦਰ ਕੋਰੋਨਾ ਬਿਮਾਰੀ ਸਬੰਧੀ ਲੱਛਣ ਜਾਂ ਤਕਲੀਫ਼ ਆਦੀ ਨਹੀਂ ਵਿਖਾਈ ਦੇ ਰਹੀ, ਪਰ ਉਨ੍ਹਾਂ ਦੇ ਟੈੱਸਟ ਪੌਜਿਟਿਵ ਆਉਣ ਕਾਰਨ ਉਨ੍ਹਾਂ ਨੂੰ ਆਈਸੋਲੇਟ ਕੀਤਾ ਗਿਆ ਹੈ।
ਉੱਥੇ ਦੂਜੇ ਪਾਸੇ ਗੁਰਦਾਸਪੁਰ ਸ਼ਹਿਰ ਬਾਰੇ ਗੱਲ ਕਰਦਿਆਂ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ 4 ਤਾਜ਼ਾ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 3 ਲੋਕ ਪਿਛਲੇ ਲੰਮੇ ਸਮੇਂ ਤੋਂ ਬਾਹਰੀ ਜ਼ਿਲ੍ਹਿਆਂ ਵਿਖੇ ਰਹਿ ਰਹੇ ਹਨ ਅਤੇ ਉੱਥੇ ਹੀ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਹੈ। ਪਰ ਇੱਕ ਅਜਿਹਾ ਵਿਅਕਤੀ ਵੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਜਿਸ ਦਾ ਸ਼ਹਿਰ ਦੀ ਘਣੀ ਅਬਾਦੀ ਨਾਲ ਸਬੰਧ ਹੈ ਅਤੇ ਉਸ ਦਾ ਗੁਰਦਾਸਪੁਰ ਸ਼ਹਿਰ ਵਿਖੇ ਹੀ ਆਪਣਾ ਵੱਡਾ ਕੱਪੜੇ ਦਾ ਸ਼ੋਅਰੂਮ ਹੈ। ਉਨ੍ਹਾਂ ਦੱਸਿਆ ਕਿ ਇਹ ਮਰੀਜ਼ ਕਾਫ਼ੀ ਬਜ਼ੁਰਗ ਹੋ ਚੁੱਕਾ ਹੈ ਅਤੇ ਬੁਖ਼ਾਰ ਦੀ ਸ਼ਿਕਾਇਤ ਕਾਰਨ ਇਸ ਦੇ ਕੋਰੋਨਾ ਸੈਂਪਲ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੀੜਿਤ ਪਾਏ ਗਏ ਵਿਅਕਤੀ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਪੀੜਿਤ ਵਿਅਕਤੀ ਦੇ ਰਿਹਾਇਸ਼ੀ ਇਲਾਕੇ ਅਤੇ ਕਾਰੋਬਾਰ ਵਾਲੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਸ਼ਹਿਰ ਦੀ ਸੰਘਣੀ ਅਬਾਦੀ ਦਾ ਹੋਣ ਕਾਰਨ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਕਰ ਕੇ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਪੀੜਿਤ ਦੇ 5 ਪਰਿਵਾਰਿਕ ਮੈਂਬਰਾਂ ਨੂੰ ਪਹਿਲਾਂ ਹੀ ਕਾਰਨਟਾਈਨ ਕੀਤਾ ਜਾ ਚੁੱਕਾ ਹੈ।