ਦਿਨੇਸ਼
ਗੁਰਦਾਸਪੁਰ, 3 ਜੂਨ 2020 - ਸੂਬੇ ਅੰਦਰ ਕਰੱਪਸ਼ਨ ਦਾ ਬੋਲਬਾਲਾ ਚੱਲ ਰਿਹਾ ਹੈ, ਜਿਸ ਨੂੰ ਪ੍ਰਭਾਸ਼ਿਤ ਕਰਨ ਲਈ ਕੋਈ ਬਹੁਤੇ ਜਤਨ ਕਰਨ ਦੀ ਲੋੜ ਨਹੀਂ। ਕਿਉਂ ਕਿ ਵਿਰੋਧੀ ਧਿਰਾਂ ਵੱਲੋਂ ਸਮੇਂ ਸਮੇਂ ਤੇ ਮੌਜੂਦਾ ਪੰਜਾਬ ਸਰਕਾਰ ਦੇ ਖ਼ਿਲਾਫ਼ ਤੱਥ ਪੇਸ਼ ਕਰ ਕੇ ਭਰਸ਼ਟ ਹੋਣ ਦੇ ਲਗਾਤਾਰ ਇਲਜ਼ਾਮ ਲਾਏ ਜਾ ਰਹੇ ਹਨ। ਜੇਕਰ ਵੱਡੇ ਮੁੱਦਿਆਂ ਤੋਂ ਨਿਗ੍ਹਾ ਹਟਾਉਂਦਿਆਂ ਹੋਇਆਂ, ਛੋਟੇ ਸਤਰ ਤੇ ਨਜ਼ਰ ਮਾਰੀ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਮਿਲ ਜਾਣਗੀਆਂ, ਜੋ ਸੂਬੇ ਅੰਦਰ ਚੱਲ ਰਹੀ ਨੀਚ ਰਾਜਨੀਤੀ ਦੀ ਪੋਲ ਖੋਲ੍ਹਦੀਆਂ ਸਾਬਿਤ ਹੁੰਦਿਆਂ ਵਿਖਾਈ ਦੇ ਜਾਣਗੀਆਂ। ਅਜਿਹਾ ਹੀ ਇੱਕ ਮਾਮਲਾ ਨੀਲੇ ਕਾਰਡ ( ਰਾਸ਼ਨ ਕਾਰਡਾਂ) ਦਾ ਵੀ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਲੱਖਾਂ ਲੋਕਾਂ ਦੀ ਰਾਸ ਰਮਨ ਹੈ, ਕਿ ਪਹਿਲਾਂ ਉਨ੍ਹਾਂ ਨੂੰ ਇਸ ਯੋਜਨਾ ਤਹਿਤ ਰਾਸ਼ਨ ਮਿਲਦਾ, ਪਰ ਹੁਣ ਰਾਜਨੀਤਿਕ ਰੰਜਸ਼ ਕਾਰਨ ਉਹ ਬੰਦ ਕਰ ਦਿੱਤਾ ਗਿਆ। ਸੂਬਾ ਸਰਕਾਰ ਵੱਲੋਂ ਗ਼ਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕਾਂ ਨੂੰ ਸਸਤਾ ਅਨਾਜ ਰਾਸ਼ਨ ਕਾਰਡਾਂ ਦੇ ਜਰੀਏ ਉਪਲਬਧ ਕਰਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਇਸ ਸਹੂਲਤ ਨਾਲ ਗ਼ਰੀਬ ਤਬਕੇ ਦੇ ਲੋਕਾਂ ਨੂੰ ਬਿਨਾ ਕਿਸੇ ਸ਼ੱਕ ਕਾਫ਼ੀ ਫ਼ਾਇਦਾ ਵੀ ਹੋ ਰਿਹਾ ਹੈ।
ਉੱਥੇ ਹੀ ਕੁੱਝ ਸਥਾਨਕ ਪੱਧਰ ਦੇ ਰਾਜਨੀਤਿਕ ਨੁਮਾਇੰਦਿਆਂ ਵੱਲੋਂ ਕੀਤੀ ਜਾ ਰਹੀ ਗੰਦੀ ਰਾਜਨੀਤੀ ਦੇ ਕਾਰਨ ਲਾਗਤਬਾਜ਼ੀ ਵਜੋਂ ਬਹੁਤ ਸਾਰੇ ਗ਼ਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਹਨ। ਜਿਸ ਨੂੰ ਲੈ ਕੇ ਇਹਨਾਂ ਲੋਕਾਂ ਵਿੱਚ ਮੌਜੂਦਾ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਤਕੋਹਾ ਵਿਖੇ ਸਾਹਮਣੇ ਆਇਆ ਹੈ ਅਤੇ ਜੇਕਰ ਇਕੱਲੇ ਇਸੇ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਵਿਖੇ ਰਹਿ ਰਹੇ ਗ਼ਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਇਸ ਯੋਜਨਾ ਦਾ ਲਾਭ ਮਿਲ ਰਿਹਾ ਸੀ। ਪਰ ਹੁਣ ਜਦੋਂ ਲਾਕਡਾਊਨ ਦੌਰਾਨ ਉਨ੍ਹਾਂ ਨੂੰ ਇਸ ਰਾਸ਼ਨ ਦੀ ਸਖ਼ਤ ਲੋੜ ਸੀ। ਤਾਂ ਇਸ ਦੌਰਾਨ ਪਿੰਡ ਸਤਕੋਹਾ ਦੇ ਕਰੀਬ 35 ਦੇ ਕਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਹੀ ਕੱਟ ਦਿੱਤੇ ਗਏ। ਹਰ ਵਾਰ ਦੀ ਤਰਾਂ ਇਸ ਵਾਰ ਵੀ ਪੂਰੇ ਪਿੰਡ ਦੇ ਕਾਰਡ ਹੋਲਡਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ, ਪਰ ਇਹਨਾਂ 35 ਪਰਿਵਾਰਾਂ ਨੂੰ ਲਿਸਟ ਵਿੱਚ ਨਾਮ ਨਾ ਹੋਣ ਦਾ ਕਹਿ ਕੇ ਰਾਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਕੀ ਕਸੂਰ ਹੈ, ਜੋ ਸਾਨੂੰ ਇਸ ਯੋਜਨਾ ਤੋਂ ਬਿਨਾ ਕਾਰਨ ਵੱਖ ਕਰ ਦਿੱਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਸਤਕੋਹਾ ਦੀ ਰਹਿਣ ਵਾਲੀ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦੇ ਦੋ ਜਵਾਨ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਆਪਣੇ ਨਾਲ ਨਾਲ ਉਨ੍ਹਾਂ ਦੋਹਾਂ ਬੇਟਿਆਂ ਦੇ ਪਰਿਵਾਰਾਂ ਦਾ ਵੀ ਸਾਰਾ ਬੋਝ ਉਸ ਬੋਝ ਉਨ੍ਹਾਂ ਤੇ ਆਨ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਉਨ੍ਹਾਂ ਨੂੰ ਰਾਸ਼ਨ ਮਿਲਦਾ ਰਿਹਾ ਅਤੇ ਜੋ ਮਿਲਦਾ ਰਿਹਾ ਉਸ ਨੂੰ ਸਾਰਾ ਟੱਬਰ ਪੇਟ ਭਰ ਕੇ ਖਾਂਦਾ ਰਿਹਾ। ਪਰ ਲਾਕਡਾਊਨ ਦੌਰਾਨ ਜਦੋਂ ਉਨ੍ਹਾਂ ਨੂੰ ਇਸ ਸੁਵਿਧਾ ਦੀ ਬਹੁਤ ਜ਼ਿਆਦਾ ਲੋੜ ਸੀ। ਉਦੋਂ ਉਨ੍ਹਾਂ ਦਾ ਰਾਸ਼ਨ ਇਹ ਕਹਿੰਦਿਆਂ ਬੰਦ ਕਰ ਦਿੱਤਾ ਗਿਆ ਕਿ ਤੁਹਾਡਾ ਲਿਸਟ ਵਿੱਚ ਨਾਮ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਅਜਿਹੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਕੋਲ 5-5 ਕਿੱਲੇ ਵਾਹੀ ਯੋਗ ਕਿਲ੍ਹੇ ਹੈ ਅਤੇ ਉਹ ਲੋਕ ਇਸ ਰਾਸ਼ਨ ਨੂੰ ਲੈ ਕੇ ਆਪ ਖਾਣ ਦੀ ਬਜਾਏ ਆਪਣੇ ਜਾਨਵਰਾਂ ਦੇ ਚਾਰੇ ਵਜੋਂ ਇਸਤੇਮਾਲ ਕਰਦੇ ਹਨ। ਬਜ਼ੁਰਗ ਔਰਤ ਨੇ ਕਿਹਾ ਸਾਨੂੰ ਇਸ ਸੁਵਿਧਾ ਦੀ ਅਸਲ ਵਿੱਚ ਲੋੜ ਹੈ। ਪਰ ਸਬੰਧਿਤ ਵਿਭਾਗ ਅਤੇ ਕੁਝ ਸਥਾਨਕ ਆਗੂਆਂ ਨੇ ਗੰਦੀ ਰਾਜਨੀਤੀ ਕਰਦਿਆਂ ਸਾਡਾ ਨਾਮ ਰਾਸ਼ਨ ਵਾਲੀ ਲਿਸਟ ਵਿੱਚੋਂ ਬਾਰ ਕਰ ਦਿੱਤਾ। ਇਹਨਾਂ 35 ਪਰਿਵਾਰਾਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਘੱਟੋ ਘੱਟ ਸਾਨੂੰ ਇਹ ਤਾਂ ਦੱਸਿਆ ਜਾਵੇ ਕਿ ਸਾਡਾ ਨਾਮ ਰਾਸ਼ਨ ਵਾਲੀ ਲਿਸਟ ਵਿੱਚੋਂ ਕਿਸ ਕਾਰਨ ਕੱਟਿਆ ਗਿਆ ਹੈ।
ਉੱਥੇ ਹੀ ਦੂਜੇ ਪਾਸੇ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਮੌਕੇ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੈਰੀ ਕਲਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਧੱਕੇ ਸ਼ਾਹੀ ਆਪਣੇ ਉਫਾਨ ਤੇ ਹੈ ਅਤੇ ਜੇਕਰ ਇਕੱਲੇ ਰਾਸ਼ਨ ਕਾਰਡ ਕੱਟੇ ਜਾਣ ਦੀ ਗੱਲ ਕੀਤੀ ਜਾਵੇ। ਤਾਂ ਇਹ ਮਾਮਲਾ ਸਿਰਫ਼ ਇੱਕ ਪਿੰਡ ਦਾ ਨਹੀਂ, ਬਲਕਿ ਗੰਦੀ ਰਾਜਨੀਤੀ ਕਰਨ ਵਾਲਿਆਂ ਵੱਲੋਂ ਸੂਬੇ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਵਿਖੇ ਅਜਿਹੀ ਧੱਕੇ ਸ਼ਾਹੀ ਕੀਤੀ ਜਾ ਰਹੀ ਹੈ। ਕਲਸੀ ਨੇ ਕਿਹਾ ਕਿ ਉਹ ਇਹਨਾਂ ਆਮ ਲੋਕਾਂ ਦੇ ਹੱਕਾਂ ਦੀ ਲੜਾਈ ਜਿੱਥੋਂ ਤੱਕ ਜਾਣਾ ਪਵੇ, ਉਹ ਲੜਨਗੇ।