ਪੁਲਿਸ ਵੱਲੋਂ ਨਜ਼ਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤੇ ਮੁੁਲਜ਼ਮ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 03 ਜੂਨ : ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਐਸ.ਪੀ.(ਜਾਂਚ) ਹਰਪਾਲ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਡੀ ਐਸ ਪੀ (ਜਾਂਚ) ਜਸਵਿੰਦਰ ਸਿੰਘ ਟਿਵਾਣਾ ਦੀ ਨਿਗਰਾਨੀ ਹੇਠ ਇੰਸਪੈਕਟਰ ਭੁਪਿੰਦਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਸਰਹਿੰਦ ਦੀ ਅਗਵਾਈ ਵਿੱਚ ਏ ਐਸ ਆਈ ਜਗਦੀਪ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਐਕਸਾਇਜ਼ ਇੰਸਪੈਕਟਰ ਸਤਿੰਦਰ ਮੱਲੀ ਨੇ ਪਿੰਡ ਭਮਾਰਸੀ ਜੇਰ ਨੇੜਿਓ ਇੱਕ ਫਾਰਮ ਹਾਊਸ ਟਾਈਪ ਮੋਟਰ ਤੋਂ 80 ਪੇਟੀਆਂ (960 ਬੋਤਲਾਂ) ਨਜਾਇਜ਼ ਸ਼ਰਾਬ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧ ਜਾਣਕਾਰੀ ਦਿੰਦਿਆਂ ਐਸ ਪੀ ਜਾਂਚ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕਮਲਜੀਤ ਸਿੰਘ ਉਰਫ ਬਚੀ ਵਾਸੀ ਪਿੰਡ ਲੁਹਾਰ ਮਾਜਰਾ ਅਤੇ ਗੁਰਜੰਟ ਸਿੰਘ ਉਰਫ ਜੰਟਾ ਪਿੰਡ ਭੋਜੀਆਂ ਜ਼ਿਲ੍ਹਾ ਤਰਨਤਾਰਨ (ਹਾਲ ਕਰਿੰਦਾ ਠੇਕੇਦਾਰ ਸ਼ਰਾਬ), ਸੁਖਵਿੰਦਰ ਸਿੰਘ ਉਰਫ ਜੱਸੀ ਵਾਸੀ ਪਿੰਡ ਬਰੌਗਾਂ ਦੀ ਨਿਗਰਾਨੀ ਹੇਠ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਇਹ ਵਿਅਕਤੀ ਅਰੁਣਾਚਲ ਪ੍ਰਦੇਸ਼ ਵਿੱਚ ਵੇਚੇ ਜਾਣ ਵਾਲੀ ਸ਼ਰਾਬ ਚੰਡੀਗੜ੍ਹ ਤੋਂ ਸਸਤੇ ਭਾਅ ਲਿਆ ਕਿ ਥਾਣਾ ਸਰਹਿੰਦ ਏਰੀਏ ਵਿੱਚ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਫਾਰਮ ਹਾਊਸ ਵਰਗੀ ਮੋਟਰ 'ਤੇ ਰੇਡ ਮੌਕੇ ਜਿੱਥੇ ਸਟੋਰ ਕਰਕੇ ਰੱਖੀ ਨਾਜ਼ਾਇਜ਼ ਸ਼ਰਾਬ ਬਰਾਮਦ ਕੀਤੀ ਗਈ ਉੱਥੇ ਕਮਲਜੀਤ ਸਿੰਘ ਅਤੇ ਗੁਰਜੰਟ ਸਿੰਘ ਨੂੰ ਮੌਕੇ ਤੇ ਕਾਬੂ ਕੀਤਾ ਗਿਆ। ਹਾਲਾਂਕਿ ਸੁਖਵਿੰਦਰ ਸਿੰਘ ਉਰਫ ਜੱਸੀ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮਾਂ ਖਿਲਾਫ ਆਬਕਾਰੀ ਐਕਟ ਤਹਿਤ ਥਾਣਾ ਸਰਹਿੰਦ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਐਸ ਪੀ ਹਰਪਾਲ ਸਿੰਘ ਨੇ ਦੱਸਿਆ ਕਿ ਐਨ ਡੀ ਪੀ ਐਸ ਐਕਟ ਤਹਿਤ ਥਾਣਾ ਮੂਲੇਪੁਰ ਦੇ ਪੀ.ਓ. ਹਰਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਬਰੌਗਾਂ ਨੂੰ ਕੇਂਦਰੀ ਜੇਲ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕਿ ਉਕਤ ਮੁਕੱਦਮੇ ਵਿੱਚ ਗ੍ਰਿਫਤਾਰੀ ਪਾਈ ਗਈ ਹੈ।