ਅਸ਼ੋਕ ਵਰਮਾ
ਬਠਿੰਡਾ, 4 ਜੂਨ 2020 - ਬਠਿੰਡਾ ਜ਼ਿਲ੍ਹੇ ਵਿਚ ਕੋਵਿਡ 19 ਬਿਮਾਰੀ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੀਟਿਵ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿੰਨੋ ਇੱਕੋ ਪਰਿਵਾਰ ਦੇ ਮੈਂਬਰ ਹਨ ਅਤੇ ਇਹ 1 ਜੂਨ ਨੂੰ ਸ੍ਰੀ ਗੰਗਾਨਗਰ ਤੋਂ ਪਰਤੇ ਸਨ, 2 ਜੂਨ ਨੂੰ ਇਨ੍ਹਾਂ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ ਦੀ ਰਿਪੋਰਟ ਅਨੁਸਾਰ ਇਹ ਤਿੰਨੋਂ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਜ਼ਿਲ੍ਹੇ ਵਿਚ ਆਉਣ ਤੋਂ ਲੈ ਕੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰ ਵਿਖੇ ਹੀ ਇਕਾਂਤਵਾਸ ਕੀਤਾ ਹੋਇਆ ਸੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਪਰ ਨਾਲ ਦੀ ਨਾਲ ਸਿਹਤ ਵਿਭਾਗ ਵੱਲੋਂ ਦੱਸੀ ਗਈ ਹਰ ਸਾਵਧਾਨੀ ਦੀ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਇਕਾਂਤਵਾਸ ਵਿਚ ਜਾਂ ਹੋਟਲ ਵਿਚ ਰੱਖਿਆ ਜਾਂਦਾ ਹੈ ਜਦ ਕਿ ਦੂਜੇ ਸੂਬਿਆਂ ਤੋਂ ਆਊਣ ਵਾਲੇ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਗਾਇਡਲਾਈਨ ਅਨੁਸਾਰ ਘਰਾਂ ਅੰਦਰ ਹੀ ਇਕਾਂਤਵਾਸ ਕੀਤਾ ਜਾਂਦਾ ਹੈ।