ਅਸ਼ੋਕ ਵਰਮਾ
- ਹੁਣ ਤੱਕ 50 ਨੇ ਜਿੱਤੀ ਕੋਰੋਨਾ ਖਿਲਾਫ ਜੰਗ
ਬਠਿੰਡਾ, 4 ਜੂਨ 2020 - ਬਠਿੰਡਾ ਜ਼ਿਲ੍ਹੇ ਵਿੱਚ ਕੋਰੋਨਾ ਖਿਲਾਫ ਜੰਗ ਵਿਚ ਫਤਿਹ ਹਾਸਲ ਕਰਕੇ ਅੱਜ 3 ਹੋਰ ਲੋਕ ਘਰਾਂ ਨੂੰ ਪਰਤੇ ਹਨ। ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 50 ਵਿਅਕਤੀ ਕੋਰੋਨਾ ਖਿਲਾਫ ਜੰਗ ਜਿੱਤ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 9 ਰਹਿ ਗਈ ਹੈ। ਜਦ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 59 ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਕੋਰੋਨਾ ਖਿਲਾਫ ਜ਼ਿਲ੍ਹੇ ਵਿਚ ਜੰਗ ਜਾਰੀ ਹੈ ਅਤੇ ਜਿਨ੍ਹਾਂ ਦੇ ਕੋਰੋਨਾ ਟੈਸਟ ਪਾਜ਼ੀਟਿਵ ਆਏ ਹਨ ਉਹ ਦ੍ਰਿੜ ਇੱਛਾ ਸ਼ਕਤੀ ਨਾਲ ਇਸ ਤੇ ਜਿੱਤ ਦਰਜ ਕਰ ਰਹੇ ਹਨ। ਉੁਨ੍ਹਾਂ ਨੇ ਠੀਕ ਹੋ ਕੇ ਘਰ ਪਰਤਣ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੱਤੀ ਅਤੇ ਦੁਆ ਕੀਤੀ ਕਿ ਇਲਾਜ ਅਧੀਨ ਲੋਕ ਵੀ ਜਲਦ ਸਿਹਤਯਾਬ ਹੋਕੇ ਘਰ ਪਰਤਣਗੇ।
ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 3585 ਨਮੂਨੇ ਲਏ ਗਏ ਹਨ ਜਿੰਨਾਂ ਵਿਚ 55 ਵਿਦੇਸ਼ ਤੋਂ ਪਰਤੇ ਲੋਕਾਂ ਦੇ ਨਮੂਨੇ ਵੀ ਸ਼ਾਮਿਲ ਹਨ। ਇੰਨਾਂ ਵਿਚੋਂ 59 ਨਮੂਨਿਆਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਜਿਨ੍ਹਾਂ ਵਿਚੋਂ 55 ਬਠਿੰਡਾ ਜ਼ਿਲ੍ਹੇ ਦੇ ਵਸਨੀਕ ਸਨ, ਜਦ ਕਿ ਇੱਕ ਇੱਕ ਕ੍ਰਮਵਾਰ ਲੁਧਿਆਣਾ, ਮੋਗਾ, ਪਟਿਆਲਾ ਅਤੇ ਦਿੱਲੀ ਨਾਲ ਸਬੰਧਤ ਸੀ। ਇਸ ਤਰ੍ਹਾਂ 3248 ਨੈਗੇਟਿਗ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ 175 ਨਮੂਨਿਆਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ।
ਜ਼ਿਲ੍ਹੇ ਦੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਵਿਦੇਸ਼ ਤੋਂ 68 ਲੋਕ ਪਰਤੇ ਹਨ ਇੱਥੇ ਇਹ ਸਾਰੇ ਟ੍ਰੈਕ ਹੋ ਗਏ ਹਨ ਅਤੇ ਇਹ ਸਾਰੇ ਹੋਮ ਜਾਂ ਸਟੇਟ ਕੁਆਰਨਟਾਈਨ ਵਿਚ ਹਨ। ਇੰਨਾਂ ਵਿਚੋਂ 14 ਸਟੇਟ ਕੁਆਰਨਟਾਈਨ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਫਤਿਹ ਤਹਿਤ ਡਾਕਟਰੀ ਅਮਲਾ ਇਲਾਜ ਅਧੀਨ ਕੋਰੋਨਾ ਨਾਲ ਲੜ ਰਹੇ ਲੋਕਾਂ ਦੀ ਦੇਖਰੇਖ ਕਰ ਰਿਹਾ ਹੈ ਜਦ ਕਿ ਇਕਾਂਤਵਾਸ ਵਿੱਚ ਰਹਿ ਰਹੇ ਲੋਕਾਂ ਸਬੰਧੀ ਵੀ ਪੂਰੀ ਜਾਣਕਾਰੀ ਰੱਖੀ ਜਾ ਰਹੀ ਹੈ।