ਅਸ਼ੋਕ ਵਰਮਾ
ਬਠਿੰਡਾ, 4 ਜੂਨ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਹੀਨਾ ਭਰ ਚੱਲਣ ਵਾਲੇ ਜਨ ਜਾਗਰੂਕਤਾ ਦੇ ਮਹਾ ਅਭਿਆਨ ‘ਮਿਸ਼ਨ ਫਤਿਹ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਅਭਿਆਨ ਦਾ ਉਦੇਸ਼ ਲੋਕਾਂ ਦੇ ਮਨਾਂ ਵਿਚ ਕੋਵਿਡ 19 ਬਿਮਾਰੀ ਸਬੰਧੀ ਪ੍ਰਚਲਿਤ ਗਲਤ ਮਿੱਥਾਂ ਤੋਂ ਸਾਵਧਾਨ ਕਰਦਿਆਂ ਉਨਾਂ ਵਿਚ ਇਸ ਬਿਮਾਰੀ ਕਾਰਨ ਪੈਦਾ ਹੋਏ ਹਲਾਤਾਂ ਨਾਲ ਦ੍ਰਿੜ ਇੱਛਾ ਸ਼ਕਤੀ ਨਾਲ ਮੁਕਾਬਲਾ ਕਰਦਿਆਂ ਇਕ ਆਮ ਜੀਵਨ ਜੀਓਣ ਦੇ ਗੁਰ ਸਮਝਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਅਭਿਆਨ ਦਾ ਮੁੁੱਖ ਉਦੇਸ਼ ਲੋਕਾਂ ਨੂੰ ਸੁਰੱਖਿਆ ਉਪਾਵਾਂ ਸਬੰਧੀ ਸੁਚੇਤ ਕਰਨਾ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਅਭਿਆਨ ਦੌਰਾਨ ਮਾਸਕ ਪਾਉਣ, ਵਾਰ ਵਾਰ ਹੱਥ ਧੋਣ, ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਨ, ਬਜੁਰਗਾਂ ਦੀ ਦੇਖਭਾਲ ਕਰਨ, ਆਪਣੇ ਇਲਾਕੇ ਵਿਚ ਕਿਸੇ ਅਣਜਾਣ ਬਾਹਰੀ ਵਿਅਕਤੀ ਦੇ ਆਉਣ ਤੋਂ ਸੁਚੇਤ ਰਹਿਣ, ਕੋਵਾ ਐਪ ਦੀ ਵਰਤੋਂ ਨੂੰ ਉਤਸਾਹਿਤ ਕਰਨਾ, ਗ੍ਰਹਿ ਇਕਾਂਤਵਾਸ ਦਾ ਮਹੱਤਵ ਸਮਝਾਉਣਾ, ਬਿਮਾਰੀ ਦੇ ਲੱਛਣ ਅਤੇ ਬਿਮਾਰੀ ਦੇ ਲੱਛਣ ਪਾਏ ਜਾਣ ਤਾਂ ਕੀ ਕਰਨਾ ਹੈ ਇਸ ਬਾਰੇ ਜਾਗਰੂਕ ਕਰਨਾ, ਲਾਕਡਾਉਨ 5 ਦੋਰਾਨ ਲਾਗੂ ਪਾਬੰਦੀਆਂ ਅਤੇ ਉਨਾਂ ਨੂੰ ਤੋੜਨ ਤੇ ਹੋਣ ਵਾਲੀ ਕਾਨੂੰਨੀ ਕਾਰਵਾਈ ਤੋਂ ਜਾਗਰੂਕ ਕਰਨਾ ਅਤੇ ਇਸ ਵਿਸਵਵਿਆਪੀ ਮਹਾਮਾਰੀ ਖਿਲਾਫ ਸਾਂਝੇ ਸਮਾਜਿਕ ਯਤਨਾਂ ਨੂੰ ਉਤਸਾਹਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਅਭਿਆਨ ਰਾਹੀਂ ਅਸੀਂ ਕਰੋਨਾ ਖਿਲਾਫ ਸਾਡੀ ਜੰਗ ਨੂੰ ਜਮੀਨੀ ਪੱਧਰ ਤੇ ਲੈ ਕੇ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਕੋਵਿਡ ਖਿਲਾਫ ਜੰਗ ਦਾ ਘੇਰਾ ਵਿਸ਼ਾਲ ਕਰਦਿਆਂ ਇਸ ਨੂੰ ਕੋਵਿਡ ਜੰਗ ਦੇ ਮੋਹਰੀ ਜੰਗਜੂਆਂ ਤੋਂ ਅੱਗੇ ਲੈ ਕੇ ਜਾਇਆ ਜਾਵੇਗਾ ਅਤੇ ਬਠਿੰਡਾ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਇਸ ਅਭਿਆਨ ਦੇ ਕਲਾਵੇ ਵਿਚ ਲੈਂਦਿਆਂ ਇਸ ਮਿਸ਼ਨ ਨੂੰ ਲੋਕਾਂ ਵੱਲੋਂ ਲੋਕਾਂ ਦਾ ਮਿਸ਼ਨ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਤਹਿਤ ਵੱਖ ਵੱਖ ਵਿਭਾਗਾਂ ਵੱਲੋਂ ਵੱਖੋੋ ਵੱਖਰੀਆਂ ਗਤੀਵਿਧੀਆਂ ਉਲੀਕੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੇ ਪੱਧਰ ਤੇ ਸਿਹਤ ਸਹੁਲਤਾਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਡੀ ਸਾਮੂਹਿਕ ਭਾਗੀਦਾਰੀ ਨਾਲ ਅਸੀਂ ਇਸ ਮਿਸ਼ਨ ਨੂੰ ਸਫਲ ਬਣਾਵਾਂਗੇ ਅਤੇ ਕੋਰੋਨਾ ਨੂੰ ਮਾਤ ਦੇਕੇ ਇਕ ਸਿਹਤਮੰਦ ਸਮਾਜ ਸਿਰਜਾਂਗੇ।