ਪਰਵਿੰਦਰ ਸਿੰਘ ਕੰਧਾਰੀ
- ਪੁਲਿਸ ਵੱਲੋਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ-ਕੋਸਤੁਭ ਸ਼ਰਮਾਂ
- ਡਵੀਜਨ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੀ ਹੋਵੇਗੀ ਪ੍ਰਾਥਮਿਕਤਾ
ਫ਼ਰੀਦਕੋਟ, 4 ਜੂਨ 2020 - ਸੀਨੀਅਰ ਆਈ.ਪੀ.ਐਸ ਅਫ਼ਸਰ ਡਾ. ਕੋਸਤੁਭ ਸ਼ਰਮਾਂ ਵੱਲੋਂ ਅੱਜ ਬਤੌਰ ਆਈ.ਜੀ ਪੁਲਿਸ ਰੇਂਜ ਫ਼ਰੀਦਕੋਟ ਅਹੁਦੇ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਉਨਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਡਾ. ਕੋਸਤੁਭ ਸ਼ਰਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਫ਼ਰੀਦਕੋਟ ਪੁਲਿਸ ਰੇਂਜ ਦਾ ਆਈ. ਜੀ ਲਗਾਇਆ ਗਿਆ ਹੈ ਅਤੇ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸਿਵਲ ਪ੍ਰਸਾਸ਼ਨ ਅਤੇ ਆਮ ਲੋਕਾਂ ਤੋਂ ਸਹਿਯੋਗ ਲੈਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭੇ ਗਏ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਤਹਿਤ ਵੱਖ ਵੱਖ ਸਰਗਰਮੀਆਂ ਰਾਹੀਂ ਲੋਕਾਂ ਨੂੰ ਘਰ ਵਿਚ ਰਹਿਣ, ਮਾਸਕ ਪਹਿਣਨ, ਸਮੇਂ ਸਮੇਂ ਤੇ ਹੱਥ ਧੋਣ ਅਤੇ ਸਰਕਾਰ ਵੱਲੋਂ ਦੱਸੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਜਾਵੇਗਾ।
ਡਾ. ਕੋਸਤੁਭ ਸ਼ਰਮਾਂ ਨੇ ਕਿਹਾ ਕਿ ਉਨਾਂ ਨੂੰ ਬਾਬਾ ਫ਼ਰੀਦ ਜੀ ਦੀ ਪਵਿੱਤਰ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਖੁਸ਼ੀ ਹੈ ਕਿ ਸਰਕਾਰ ਵੱਲੋਂ ਉਨਾਂ ਨੂੰ ਫ਼ਰੀਦਕੋਟ ਰੇਂਜ ਦਾ ਆਈ.ਜੀ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਐਸ.ਟੀ.ਐਫ਼ ਤੋਂ ਆਏ ਹਨ ਅਤੇ ਉਨਾਂ ਦੀ ਪ੍ਰਾਥਮਿਕਤਾ ਨਸ਼ਿਆਂ ਤੇ ਕੰਟਰੋਲ ਕਰਨ ਦੀ ਵੀ ਹੋਵੇਗੀ। ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਜੀ ਆਇਆ ਕਿਹਾ ਅਤੇ ਸ਼ੁਭ ਇੱਛਾਵਾਂ ਪੇਸ਼ ਕੀਤੀਆਂ।
ਇਸ ਮੌਕੇ ਐਸ.ਪੀ. ਭੁਪਿੰਦਰ ਸਿੰਘ, ਸ.ਸੇਵਾ ਸਿੰਘ ਮੱਲੀ, ਮੈਡਮ ਗੁਰਮੀਤ ਕੌਰ ਡੀ.ਐਸ.ਪੀ ਡਾ. ਮਹਿਤਾਬ ਸਿੰਘ ਆਈ.ਪੀ.ਐਸ ਜੈਤੋ, ਡੀ.ਐਸ.ਪੀ ਬਲਕਾਰ ਸਿੰਘ ਕੋਟਕਪੂਰਾ, ਡੀ.ਐਸ.ਪੀ. ਜਸਬੀਰ ਸਿੰਘ, ਡੀ.ਐਸ.ਪੀ ਗੁਰਪ੍ਰੀਤ ਸਿੰਘ ਫ਼ਰੀਦਕੋਟ ਆਦਿ ਹਾਜ਼ਰ ਸਨ।