ਅਸ਼ੋਕ ਵਰਮਾ
ਚੰਡੀਗੜ੍ਹ, 4 ਜੂਨ 2020 - ਮੋਦੀ ਸਰਕਾਰ ਵੱਲੋਂ ਰਾਹਤ ਪੈਕੇਜ ਦੇ ਨਾਂਅ ਹੇਠ ਲੋਕਾਂ ‘ਤੇ ਬੋਲੇ ਚੌਤਰਫੇ ਹੱਲੇ ਅਤੇ ਇਸਦੇ ਅੰਗ ਵਜੋਂ ਕੇਂਦਰੀ ਕੈਬਨਿਟ ਵਲੋਂ ਖੇਤੀ ਖੇਤਰ 'ਚ ਲਾਗੂ ਕੀਤੀ ਖੁੱਲ੍ਹੀ ਮੰਡੀ ਦੀ ਨੀਤੀ ਖਿਲਾਫ ਅੱਜ ਪੰਜਾਬ ਦੇ ਕਿਸਾਨਾਂ, ਖੇਤ ਮਜਦੂਰਾਂ , ਬਿਜਲੀ ਤੇ ਠੇਕਾ ਮੁਲਾਜਮਾਂ, ਸਨਅਤੀ ਮਜਦੂਰਾਂ ਅਤੇ ਨੌਜਵਾਨ-ਵਿਦਿਆਰਥੀਆਂ ਦੀਆਂ ਜਥੇਬੰਦੀਆਂ ਵਲੋਂ 14 ਜ਼ਿਲ੍ਹਿਆਂ ਦੇ 36 ਤਹਿਸੀਲ ਹੈਡਕੁਆਰਟਰਾਂ ਅੱਗੇ ਦੂਜੇ ਦਿਨ ਵੀ ਰੋਹ ਭਰਪੂਰ ਧਰਨੇ ਦਿੱਤੇ ਗਏ।
ਇਹ ਜਾਣਕਾਰੀ ਜੋਗਿੰਦਰ ਸਿੰਘ ਉਗਰਾਹਾਂ, ਕੰਵਲਪ੍ਰੀਤ ਸਿੰਘ ਪੰਨੂ, ਹਰਜਿੰਦਰ ਸਿੰਘ, ਪ੍ਰਮੋਦ ਕੁਮਾਰ, ਲਛਮਣ ਸਿੰਘ ਸੇਵੇਵਾਲਾ ਤੇ ਜਗਰੂਪ ਸਿੰਘ ਵੱਲੋਂ ਜਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਹ ਧਰਨੇ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ , ਫਾਜਲਿਕਾ, ਲੁਧਿਆਣਾ, ਜਲੰਧਰ, ਗੁਰਦਾਸਪੁਰ ਤੇ ਅੰਮਿ੍ਰਤਸਰ ਜਿਲਿਆਂ ਦੀਆਂ ਤਹਿਸੀਲਾਂ ਅੱਗੇ ਦਿੱਤੇ ਗਏ।
ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਚ ਲਾਗੂ ਕੀਤੀ ਖੁੱਲੀ ਮੰਡੀ ਦੀ ਨੀਤੀ ਨੂੰ ਦੇਸ ਦੇ ਲੋਕਾਂ ਨਾਲ ਧ੍ਰੋਹ ਕਰਾਰ ਦਿੰਦਿਆਂ ਮੋਦੀ ਸਰਕਾਰ ਤੇ ਤਿੱਖੇ ਹਮਲੇ ਕੀਤੇ। ਉਹਨਾਂ ਕਿਹਾ ਕਿ ਖੁੱਲੀ ਮੰਡੀ ਦੀ ਨੀਤੀ ਤਹਿਤ ਦੇਸੀ ਵਿਦੇਸ਼ੀ ਵੱਡੇ ਵਪਾਰੀਆਂ ਨੂੰ ਕਿਸਾਨਾਂ ਦੀਆਂ ਫਸਲਾਂ ਕੌਡੀਆਂ ਦੇ ਭਾਅ ਲੁੱਟਣ ਅਤੇ ਖੁਰਾਕੀ ਵਸਤਾਂ ਦੀ ਜਖੀਰੇਬਾਜੀ ਦੀ ਛੋਟ ਦੇ ਕੇ ਗਰੀਬ ਲੋਕਾਂ ਤੇ ਆਮ ਖਪਤਕਾਰਾਂ ਦੀ ਅੰਨੀ ਲੁੱਟ ਦੀ ਕਾਨੂੰਨੀ ਖੁੱਲ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਆਤਮ ਨਿਰਭਰ ਭਾਰਤ ਦੀ ਰਟ ਲਾਉਣ ਵਾਲੇ ਪ੍ਰਧਾਨ ਮੰਤਰੀ ਨੇ ਖੇਤੀ, ਖਾਣਾਂ, ਰੇਲਵੇ ਤੇ ਹਵਾਈ ਖੇਤਰ ਸਮੇਤ ਮੁਲਕ ਦੇ ਸਾਰੇ ਸੋਮੇ ਵਿਦੇਸੀਆਂ ਨੂੰ ਲੁਟਾਉਣ ਲਈ ਸਭ ਕਾਨੂੰਨੀ ਰੋਕਾਂ ਚੁੱਕ ਦਿੱਤੀਆਂ ਹਨ।
ਉਹਨਾਂ ਖੇਤੀ ਚ ਖੁੱਲੀ ਮੰਡੀ ਦੀ ਨੀਤੀ ਲਾਗੂ ਕਰਨ ਤੇ ਜਰੂਰੀ ਵਸਤਾਂ ਕਾਨੂੰਨ ਚ ਕੀਤੀ ਸੋਧ ਦਾ ਫੈਸਲਾ ਰੱਦ ਕਰਨ , ਕਰੋਨਾ ਸੰਕਟ ਦੀ ਮਾਰ ਝੱਲ ਰਹੇ ਲੋਕਾਂ ਲਈ ਹਕੀਕੀ ਰਾਹਤ ਪੁਚਾਉਣ ਲਈ ਪਰਵਾਸੀ ਮਜਦੂਰਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ, 80 ਫੀਸਦੀ ਅਬਾਦੀ ਨੂੰ ਸਸਤਾ ਅਨਾਜ ਦੇਣ ਅਤੇ ਕੱਟੇ ਕਾਰਡ ਬਹਾਲ ਕੀਤੇ ਜਾਣ, ਕਿਸਾਨਾਂ ਮਜਦੂਰਾਂ ਦੇ ਕਰਜੇ ਖਤਮ, ਸਿਹਤ, ਸਿੱਖਿਆ, ਬਿਜਲੀ ਤੇ ਜਲ ਸਪਲਾਈ ਆਦਿ ਖੇਤਰਾਂ ਚ ਨਿੱਜੀਕਰਨ, ਵਪਾਰੀਕਰਨ ਤੇ ਪੰਚਾੲਤੀ ਕਰਨ ਦੀ ਨੀਤੀ ਰੱਦ ਤੇ ਸਭਨਾਂ ਵਿਭਾਗਾਂ ਦੇ ਠੇਕਾ ਤੇ ਆਊਟ ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਇਲਾਵਾ ਬਿਜਲੀ ਬਿੱਲ 2020 ਰੱਦ ਕਰਕੇ ਬਿਜਲੀ ਐਕਟ 1948 ਬਹਾਲ । ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕਰਕੇ ਸਰਕਾਰੀ ਥਰਮਲ ਚਲਾਉਣ,ਖੇਤੀ ਮੋਟਰਾਂ ਤੇ ਮਜਦੂਰਾਂ ਨੂੰ ਬਿੱਲ ਲਾਉਣ ਦਾ ਫੈਸਲਾ ਤੇਕਿਰਤ ਕਾਨੂੰਨਾਂ ’ਚ ਕੀਤੀਆਂ ਸੋਧਾਂ ਰੱਦ ਕੀਤੀਆਂ ਜਾਣ ਅਤੇ ਤਿੱਖੇ ਜ਼ਮੀਨੀ ਸੁਧਾਰ ਕਰਕੇ ਜ਼ਮੀਨਾਂ ਦੀ ਵੰਡ ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ‘ਚ ਕਰਨ ਸਮੇਤ ਹੋਰ ਵੀ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।
ਅੱਜ ਦੇ ਇਕੱਠਾਂ ਨੂੰ ਜਸਵਿੰਦਰ ਸਿੰਘ ਸੋਮਾ, ਹਰਮੇਸ ਮਾਲੜੀ, ਬਲਿਹਾਰ ਸਿੰਘ, ਕੰਵਲਪ੍ਰੀਤ ਸਿੰਘ ਪੰਨੂ, ਗੁਰਵਿੰਦਰ ਸਿੰਘ ਪੰਨੂ, ਹਰਿੰਦਰ ਬਿੰਦੂ, ਜਗਰੂਪ ਸਿੰਘ, ਬਲਕਰਨ ਸਿੰਘ, ਸੁਖਵੰਤ ਸਿੰਘ ਸੇਖੋਂ ਗੁਰਬਾਜ ਸਿੰਘ ਸਿੱਧਵਾਂ, ਰੇਸ਼ਮ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਧਰਨੇ ਦੇਣ ਵਾਲੀਆਂ ਜਥੇਬੰਦੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਪਾਵਰ ਕੌਮ ਐਂਡ ਟਰਾਸਕੋ ਠੇਕਾ ਮੁਲਾਜਮ ਯੂਨੀਅਨ, ਪੰਜਾਬ ਖੇਤ ਮਜਦੂਰ ਯੂਨੀਅਨ, ਟੈਕਨੀਕਲ ਸਰਵਸਿਜ ਯੂਨੀਅਨ(ਰਜਿ:), ਕਿਸਾਨ ਸੰਘਰਸ ਕਮੇਟੀ ਪੰਜਾਬ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਜਲ ਸਪਲਾਈ ਅਤੇ ਸੈਨੀਟੇਸਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ ਨੰ 31), ਪੀ.ਐਸ.ਯੂ.(ਸਹੀਦ ਰੰਧਾਵਾ), ਨੌਜਵਾਨ ਭਾਰਤ ਸਭਾ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਠੇਕਾ ਮੁਲਾਜਮ ਯੂਨੀਅਨ ਅਜਾਦ, ਠੇਕਾ ਮੁਲਾਜਮ ਸੰਘਰਸ ਕਮੇਟੀ ਪਾਵਰ ਕੌਮ (ਜੋਨ ਬਠਿੰਡਾ) ਅਤੇ ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ ਸਾਮਲਿ ਹਨ।