ਅਸ਼ੋਕ ਵਰਮਾ
- ਮਾਮਲਾ ਨੌਜ਼ਵਾਨ ਦੀ ਕੁੱਟਮਾਰ ਕਰਨ ਦਾ
ਬਠਿੰਡਾ, 4 ਜੂਨ 2020 - ਪਿਛਲੇ ਦਿਨੀ ਪਿੰਡ ਜੈ ਸਿੰਘ ਵਾਲਾ ਵਿਖੇ ਇਕ ਨੌਜ਼ਵਾਨ ’ਤੇ ਚੋਰੀ ਦੇ ਸ਼ੱਕ ’ਚ ਕਿਸਾਨ ਵੱਲੋਂ ਕੁੱਟਮਾਰ ਕੀਤੀ ਗਈ ਸੀ। ਪੀੜਤ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਥੇਬੰਦੀਆਂ ਦੇ ਸਹਿਯੋਗ ਨਾਲ ਮੁਲਜ਼ਮਾਂ ਵਿਰੁੱਧ ਕਾਰਵਾਈ ਨੂੰ ਲੈ ਕੇ ਥਾਣਾ ਸੰਗਤ ਵਿਖੇ ਇਕ ਵਾਰ ਫਿਰ ਧਰਨਾ ਲਗਾਇਆ ਗਿਆ। ਪੀੜਤ ਕੁਲਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਾ ਲੜਕਾ ਪਿੰਡ ਦੇ ਕਿਸਾਨ ਦੇ ਘਰ ਕੰਮ ਕਰਵਾਉਣ ਲਈ ਕਾਮਾ ਲੱਗਿਆ ਹੋਇਆ ਸੀ।
ਉਸ ਨੇ ਦੱਸਿਆ ਕਿ ਉਸ ਦੇ ਪੁੱਤ ’ਤੇ ਇਸ ਕਿਸਾਨ ਵੱਲੋਂ ਚੋਰੀ ਦਾ ਝੂਠਾ ਦੋਸ਼ ਲਗਾ ਕੇ ਪਹਿਲਾ ਉਸ ਦੀ ਘਰ ’ਚ ਕਥਿਤ ਕੁੱਟਮਾਰ ਕੀਤੀ ਫਿਰ ਉਸ ਨੂੰ ਥਾਣੇ ’ਚ ਲਿਜਾ ਕੇ ਲਗਾਤਾਰ ਤਿੰਨ ਦਿਨ ਕਥਿਤ ਮਾਰਿਆ ਕੁੱਟਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਵਿਰੁੱਧ ਮਾਮੂਲੀ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਜਿਸ ਕਾਰਨ ਧਰਾਵਾਂ ’ਚ ਵਾਧੇ ਸਮੇਤ ਐੱਸ.ਸੀ.ਐਕਟ, ਮੁਲਜ਼ਮਾਂ ਦੀ ਗ੍ਰਿਫਤਾਰੀ, ਪੀੜਤ ਦਾ ਸਰਕਾਰੀ ਖਰਚ ’ਤੇ ਇਲਾਜ਼ ’ਤੇ ਕਥਿਤ ਕੁੱਟਮਾਰ ਕਰਨ ਵਾਲੇ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਵਾਉਣ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ ਜੋਕਿ ਪੁਲਸ ਵੱਲੋਂ ਮੰਗਾਂ ਮੰਨੇ ਜਾਣ ’ਤੇ ਧਰਨੇ ਨੂੰ ਚੁੱਕ ਲਿਆ ਗਿਆ। ਇਸ ਮੌਕੇ ਜਨਤਕ ਜੱਥੇਬੰਦੀਆਂ ਦੇ ਆਗੂ ਤੇ ਹੋਰ ਲੋਕ ਵੀ ਹਾਜਰ ਸਨ।
ਥਾਣਾ ਸੰਗਤ ਦੇ ਮੁਖੀ ਗੌਰਵਵੰਸ ਸਿੰਘ ਦਾ ਕਹਿਣਾ ਸੀ ਕਿ ਮੁਲਜ਼ਮਾਂ ਦੀਆਂ ਧਰਾਵਾਂ ’ਚ ਵਾਧਾ ਕਰਦਿਆਂ ਅਗਵਾਹ ’ਤੇ ਐੱਸ.ਸੀ.ਐਕਟ ਧਾਰਾ ਨੂੰ ਜੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਦਾ ਸਰਕਾਰੀ ਹਸਪਤਾਲ ’ਚ ਇਲਾਜ਼ ਚੱਲ ਰਿਹਾ ਹੈ। ਕੁੱਟਮਾਰ ਕਰਨ ਵਾਲੇ ਪੁਲਸ ਮੁਲਾਜ਼ਮਾਂ ’ਤੇ ਕਾਰਵਾਈ ਕਰਨ ਬਾਰੇ ਉਨਾਂ ਦੱਸਿਆ ਇਹ ਸਾਰਾ ਮਾਮਲਾ ਅਫ਼ਸਰਾ ਦੇ ਧਿਆਨ ’ਚ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੁਲਾਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਜਿੰਨਾਂ ਨੂੰ ਜਲਦੀ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।