ਅਸ਼ੋਕ ਵਰਮਾ
- ਪ੍ਰੈਸ ਕਾਨਫਰੰਸ ’ਚ ਸਾਬਕਾ ਮੰਤਰੀ ਨੇ ਗਾਏ ਮੋਦੀ ਸਰਕਾਰ ਦੇ ਸੋਹਲੇ
ਬਠਿੰਡਾ, 4 ਜੂਨ 2020 - ਕੋਰੋਨਾ ਵਾਇਰਸ ਵਰਗੀ ਖਤਰਨਾਕ ਮਹਾਂਮਾਰੀ ਦੇ ਕਹਿਰ ਨੂੰ ਭੁੱਲ ਕੇ ਆਪਣੇ ਲੀਡਰ ਨਾਲ ਬੈਠ ਕੇ ਫੋਟੋ ਖਿਚਵਾਉਣ ਦੇ ਚੱਕਰਾਂ ’ਚ ਅੱਜ ਭਾਜਪਾ ਦੇ ਆਗੂ ਸੋਸ਼ਲ ਡਿਸਟੈਂਸ ਭੁੱਲ ਗਏ। ਜਦੋਂ ਕਿ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਵੱਲੋਂ ਹਰ ਥਾਂ ਤੇ ਅਜਿਹਾ ਕਰਨਾ ਯਕੀਲੀ ਬਨਾਉਣ ਦੀ ਹਦਾਇਤ ਕੀਤੀ ਹੋਈ ਹੈ। ਮਾਮਲਾ ਭਾਰਤੀ ਜੰਤਾ ਪਾਰਟੀ ਪੰੰਜਾਬ ਦੇ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਵੱਲੋਂ ਅੱਜ ਕੀਤੀ ਪ੍ਰੈਸ ਕਾਨਫਰੰਸ ਨਾਲ ਜੁੜਿਆ ਹੋਇਆ ਹੈ। ਭਾਜਪਾ ਦੇ ਸੀਨੀਅਰ ਆਗੂ ਮੰਨੋਰੰਜਨ ਕਾਲੀਆ ਅੱਜ ਬਠਿੰਡਾ ਦੇ ਦੌਰੇ ਤੇ ਆਏ ਹੋਏ ਸਨ। ਕਾਲੀਆ ਦੇ ਨਾਲ ਅੱਜ ਪ੍ਰੈਸ ਨੂੰ ਸੰਬੋਧਨ ਕਰਨ ਮੌਕੇ ਭਾਜਪਾ ਬਠਿੰਡਾ ਦੇ ਕਰੀਬ 7-8 ਆਗੂ ਬੈਠੇ ਹੋਏ ਸਨ ਜਦੋਂ ਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਮੁਤਾਬਕ ਮਸਾਂ ਤਿੰਨ ਕੁ ਜਣਿਆਂ ਦਾ ਬੈਠਣਾ ਬਣਦਾ ਸੀ। ਰੌਚਕ ਪਹਿਲੂ ਹੈ ਕਿ ਜਿਸ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਨਾਉਣ ਲਈ ਅੱਜ ਮੰਨੋਰੰਜਨ ਕਾਲੀਆ ਆਏ ਸਨ ਉਸੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਮ ਲੋਕਾਂ ਨੂੰ ਕਰੋਨਾ ਵਾਇਰਸ ਦੇ ਮੱਦੇਨਜ਼ਰ ਸਾਵਧਾਨੀਆਂ ਵਰਤਣ ਅਤੇ ਨਿਯਮਾਂ ਨੂੰ ਮੰਨਣ ਦੀ ਅਪੀਲ ਕੀਤੀ ਗਈ ਹੈ।
ਓਧਰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਮੰਨੋਰੰੰਜਨ ਕਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮ ਕੇ ਤਾਰੀਫ ਕੀਤੀ ਅਤੇ ਦੇਸ਼ ਦੀ ਮੋਦੀ ਸਰਕਾਰ ਦੇ ਇਕ ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨਾਂ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਲਏੇ ਇਤਿਹਾਸਕ ਫੈਸਲਿਆਂ ਨੇ ਦੁਨੀਆਂ ਚ ਭਾਰਤ ਦਾ ਨਾਮ ਬਣਾਇਆ ਹੈ। ਉਨਾਂ ਕਿਹਾ ਕਿ ਕਰੋਨਾ ਵਾਇਰਸ ਨਾਲ ਸਬੰਧਤ ਦਵਾਈਆਂ ਵਿਦੇਸ਼ਾਂ ਨੂੰ ਭੇਜਣ ਕਰਕੇ ਭਾਰਤੇ ਦੇ ਚੰਗੇ ਸਬੰਧ ਬਣੇ ਹਨ । ਉਨਾਂ ਆਖਿਆ ਕਿ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਭੇਜੇ ਰਾਸ਼ਨ ਨੂੰ ਪੰਜਾਬ ਸਰਕਾਰ ਨੇ ਸਹੀ ਤਰੀਕੇ ਨਾਲ ਨਹੀਂ ਵੰਡਿਆ ਹੈ। ਉਨਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਦੇ ਵੀ ਸਹੀ ਤੱਥ ਲੋਕਾਂ ਸਾਹਮਣੇ ਨਹੀਂ ਰੱਖੇ ਅਤੇ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ।
ਉਨ੍ਹਾਂ ਆਖਿਆ ਕਿ ਕਥਿਤ ਸ਼ਰਾਬ, ਮਾਈਨਿੰਗ ਅਤੇ ਕਥਿਤ ਬੀਜ ਘੁਟਾਲੇ ਹੋ ਰਹੇ ਹਨ ਪਰ ਪੰਜਾਬ ਸਰਕਾਰ ਚੁੱਪ ਬੈਠੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਥਿਤ ਘੁਟਾਲਿਆਂ ਤੇ ਕਾਰਵਾਈ ਕਰਨ ਦੀ ਜਿੰਮੇਵਾਰੀ ਮੁੱਖ ਮੰਤਰੀ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਲੜੀਆਂ ਜਾਣਗੀਆਂ ਪਰ ਸੀਟਾਂ ਦੀ ਵੰਡ ਸਬੰਧੀ ਫੈਸਲਾ ਹਾਈਕਮਾਨ ਵੱਲੋਂ ਕੀਤਾ ਜਾਣਾ ਹੈ। ਇਸ ਮੌਕੇ ਭਾਰੀ ਜੰਤਾ ਪਾਰਟੀ ਦੇ ਜਿਲਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਸ਼ੋਕ ਭਾਰਤੀ ਤੇ ਦਿਆਲ ਸੋਢੀ, ਮੋਹਣ ਲਾਲ ਗਰਗ ,ਮੀਡੀਆ ਇੰਚਾਰਜ ਸੁਨੀਲ ਸਿੰਗਲਾ ,ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਅਸ਼ੋਕ ਬਾਲਿਆਂ ਵਾਲੀ, ਮਨੀਸ਼ ਕੁਮਾਰ, ਆਸ਼ੂਤੋਸ਼ ਅਤੇ ਰਾਜੇਸ਼ ਨੋਨੀ ਆਦਿ ਹਾਜ਼ਰ ਸਨ।