ਫਿਰੋਜ਼ਪੁਰ, 4 ਜੂਨ 2020 - ਫਿਰੋਜ਼ਪੁਰ ਦੇ ਪਿੰਡ ਵਾਹਕਾ ਖਾਸ ਵਿਖੇ ਸਰਕਾਰੀ ਰਸਤੇ ਦੀ ਸਾਈਡ ਵਾਹੁਣ ਅਤੇ ਕੰਡਿਆਲੀ ਤਾਰ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ 2 ਵਿਅਕਤੀਆਂ ਖਿਲਾਫ 447, 511, 379, 34 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਗਤਾਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਵਾਹਕਾ ਖਾਸ ਨੇ ਦੋਸ਼ ਲਗਾਇਆ ਹੈ ਕਿ ਉਸ ਦੀ 14 ਕਿੱਲੇ ਜ਼ਮੀਨ ਪਿੰਡ ਕਾਮਲ ਵਾਲਾ ਵਿਖੇ ਹੈ।
ਜਗਤਾਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਮਿਤੀ 2 ਜੂਨ 2020 ਨੂੰ ਉਹ ਆਪਣੇ ਖੇਤਾਂ ਵਿਚ ਝੋਨੇ ਦੀ ਪਨੀਰੀ ਨੂੰ ਪਾਣੀ ਲਗਾਉਣ ਲਈ ਗਿਆ ਸੀ ਤਾਂ ਉਥੇ ਦੋਸ਼ੀ ਦੀਪਨ ਗਿੱਲ ਪੁੱਤਰ ਸੁਖਵਿੰਦਰ ਸਿੰਘ ਉਰਫ ਪੱਪਨ ਗਿੱਲ ਆਪਣੇ ਹੱਥ ਵਿਚ ਪਿਸਤੌਲ ਫੜ ਕੇ ਖੜਾ ਸੀ ਤੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਪੱਪਨ ਗਿੱਲ ਵਾਸੀਅਨ ਪਿੰਡ ਭੰਮਾ ਸਿੰਘ ਵਾਲਾ ਆਪਣੇ ਟਰੈਕਟਰ ਨਾਲ ਆਪਣੀ ਜ਼ਮੀਨ ਵਾਹ ਰਿਹਾ ਸੀ ਤੇ ਉਸ ਨੇ ਉਸ ਦੀ ਜ਼ਮੀਨ ਨੂੰ ਲੱਗਦਾ ਸਰਕਾਰੀ ਰਸਤਾ ਆਪਣੀ ਸਾਇਡ ਤੋਂ ਕਰੀਬ 2 ਕਰਮਾ ਵਾਹ ਦਿੱਤਾ ਤੇ ਉਸ ਦੇ ਖੇਤ ਨੂੰ ਲੱਗੀ ਕੰਡਿਆਲੀ ਤਾਰ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।