- 'ਮਿਸ਼ਨ ਫ਼ਤਿਹ' ਦਾ ਮੁੱਖ ਮੰਤਵ ਕੋਵਿਡ-19 ਨੂੰ ਸੂਬੇ 'ਚ ਖ਼ਤਮ ਕਰਨਾ
ਫਿਰੋਜ਼ਪੁਰ, 4 ਜੂਨ 2020 : ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀ ਕੁਲਵੰਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚੋਂ ਕੋਵਿਡ-19 ਨੂੰ ਪੂਰੀ ਤਰਾਂ ਖ਼ਤਮ ਕਰਨ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਨੂੰ ਸਫ਼ਲ ਬਣਾਉਣ ਲਈ ਪੂਰਨ ਸਹਿਯੋਗ ਦੇਣ ਦਾ ਸੱਦਾ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਕੀਤੀ ਗਈ ਇਸ ਵਿਸ਼ੇਸ਼ ਮੁਹਿੰਮ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਇਸ ਦਾ ਮੁੱਢਲਾ ਮੰਤਵ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਵੱਧ ਤੋਂ ਵੱਧ ਜਾਣੂੰ ਕਰਵਾਉਣਾ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਅਤੇ ਸੂਬਾ ਸਰਕਾਰ ਵਿੱਚ ਬਿਹਤਰ ਤਾਲਮੇਲ ਬਣਾ ਕੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਚੌਕਸ ਅਤੇ ਸੁਰੱਖਿਅਤ ਰਹਿਣ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਸ਼ਨ ਫਤਿਹ ਕੋਵਿਡ-19 ਖਿਲਾਫ਼ ਜੰਗ ਨੂੰ ਅੱਗੇ ਵਧਾਉਂਦਿਆਂ ਇਸ ਨੂੰ ਇਕ ਜਨ ਲਹਿਰ ਵਿੱਚ ਤਬਦੀਲ ਕਰੇਗਾ।
ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਕਿਹਾ ਕਿ ਮੁਹਿੰਮ ਦੌਰਾਨ ਵਾਇਰਸ ਦੇ ਖ਼ਤਰੇ ਨੂੰ ਪਹਿਚਾਣਨ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਇਸੇ ਤਰਾਂ ਲੋਕਾਂ ਨੂੰ ਉਦਾਹਰਣਾਂ ਦੇ ਕੇ ਉਤਸ਼ਾਹਿਤ ਕਰਨ ਤੋਂ ਇਲਾਵਾ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਉਲੰਘਣਾਵਾਂ ਬਾਰੇ ਦੱਸਿਆ ਜਾਵੇਗਾ। ਉਨਾਂ ਕਿਹਾ ਕਿ 'ਮਿਸ਼ਨ ਫਤਿਹ' ਪੰਜਾਬੀਆਂ ਦੀ ਚੜਦੀ ਕਲਾ ਦਾ ਪ੍ਰਤੀਕ ਹੈ ਜਿਨਾਂ ਨੇ ਹਰ ਤਰਾਂ ਦੀਆਂ ਔਖੀਆਂ ਘੜੀਆਂ ਨੂੰ ਜਿੱਤ ਵਿੱਚ ਬਦਲ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਨਤੀਜਾ ਦਾਇਕ ਬਣਾਉਣ ਲਈ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਮਾਸਕ ਪਹਿਨਣ, ਹੱਥ ਧੋਣ, ਸਮਾਜਿਕ ਦੂਰੀ ਬਰਕਰਾਰ ਰੱਖਣ, ਬਜ਼ੁਰਗਾਂ ਦਾ ਧਿਆਨ ਰੱਖਣ, ਬਾਹਰੀ ਲੋਕਾਂ ਦਾ ਉਨਾਂ ਦੇ ਖੇਤਰ ਵਿੱਚ ਆਉਣ 'ਤੇ ਚੌਕਸ ਰਹਿਣ, ਕੋਵਿਡ ਪ੍ਰਭਾਵਿਤ ਮਰੀਜ਼ ਦਾ ਪਤਾ ਲਗਾਉਣ ਲਈ ਕੋਵਾ ਐਪ ਦੀ ਵਰਤੋਂ ਕਰਨ ਅਤੇ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਸਬੰਧੀ ਜਾਗਰੂਕਤਾ ਫੈਲਾਉਣ ਲਈ ਵਿਆਪਕ ਯੋਜਨਾ ਬਣਾਈ ਗਈ ਹੈ।
ਉਨਾਂ ਦੱਸਿਆ ਕਿ ਹੋਰ ਧਿਆਨ ਦੇਣ ਯੋਗ ਜਿਵੇਂ ਹੋਮ ਕੁਆਰੰਟੀਨ ਦੀ ਮਹੱਤਤਾ, ਫਲੂ ਦੇ ਲੱਛਣ ਦਿਸਣ ਤੋਂ ਬਾਅਦ ਕੀਤੇ ਜਾਣ ਵਾਲੇ ਕੰਮਾਂ, ਲਾਕਡਾਊਨ 5.0 ਦੀਆਂ ਪਾਬੰਦੀਆਂ ਅਤੇ ਉਲੰਘਣਾ ਕਰਨ 'ਤੇ ਜੁਰਮਾਨੇ, ਇਕੱਠੇ ਹੋ ਕੇ ਮਹਾਂਮਾਰੀ ਖਿਲਾਫ਼ ਜੰਗ ਲੜਨ ਸਬੰਧੀ ਵੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਾਰੇ ਸਰਕਾਰੀ ਵਿਭਾਗਾਂ ਨੂੰ ਇਕੱਤਰ ਹੋ ਕੇ ਸੂਬੇ ਵਿੱਚ ਸਾਜ਼ਗਾਰ ਮਾਹੌਲ ਬਣਾਉਣ ਲਈ ਕੰਮ ਕਰਨ ਦੇ ਨਾਲ ਮਿਸ਼ਨ ਫਤਿਹ ਨੂੰ ਸਫ਼ਲ ਬਣਾਉਣ ਲਈ ਲੋਕਾਂ ਨੂੰ ਅਗੇ ਲਿਆਉਣਾ ਚਾਹੀਦਾ ਹੈ। ਇਸ ਮੌਕੇ ਐਸਡੀਐਮ ਫਿਰੋਜਪੁਰ ਸ਼੍ਰੀ ਅਮਿਤ ਗੁਪਤਾ, ਐਗਜੀਕਿਉਟਿਵ ਇੰਜੀਨਿਅਰ ਸ਼੍ਰੀ ਸੰਦੀਪ ਗੋਇਲ ਸਮੇਤ ਕਈ ਅਫਸਰ ਮੌਜੂਦ ਸੀ।