ਹਰਿੰਦਰ ਨਿੱਕਾ
- ਸੀਜੇਐਮ ਨਾਰੰਗ ਐਸ ਪੀ ਡੀ ਵਿਰਕ, ਏ ਐਸ ਪੀ ਪ੍ਰਗਿਆ ਜੈਨ ਸਣੇ ਹੋਰ ਪੁਲਿਸ ਅਧਿਕਾਰੀਆਂ ਨੂੰ ਸਿਹਤ ਵਿਭਾਗ ਨੇ ਕੀਤਾ ਕੋਆਰੰਨਟੀਨ
- ਕੋਵਿਡ19 - ਪੁਲਿਸ ਕਸਟੱਡੀ ਚ, ਚੱਲ ਰਹੇ ਜੁਲਫੀ ਦੀ ਪੌਜੇਟਿਵ ਰਿਪੋਰਟ ਦਾ ਮਾਮਲਾ
- 50 ਪੁਲਿਸ ਕਰਮਚਾਰੀਆਂ ਨੂੰ ਵੀ ਕੀਤਾ ਵੱਖ ਵੱਖ ਥਾਵਾਂ ਤੇ ਕੋਆਰੰਟੀਨ
ਬਰਨਾਲਾ, 4 ਜੂਨ 2020 - ਬਰਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਮਲੇਰਕੋਟਲਾ ਤੋਂ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰ ਜੁਲਫੀ ਗੌਰ ਅਲੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਜਾਣ ਨਾਲ ਪੁਲਿਸ ਕਰਮਚਾਰੀਆਂ 'ਚ ਸਹਿਮ ਪਾਇਆ ਜਾ ਰਿਹਾ ਹੈ।
ਐਸ ਐਮ ਉ ਜੋਤੀ ਕੌਸਲ ਨੇ ਦੱਸਿਆ ਕਿ ਜੁਲਫੀ ਗੌਰ ਅਲੀ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਹੁਣ ਸਿਹਤ ਵਿਭਾਗ ਨੇ ਮਰੀਜ਼ ਦੇ ਸੰਪਰਕ 'ਚ ਆਏ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਕੁਆਰੰਟੀਨ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਿਵਲ ਸਰਜਨ ਡਾਕਟਰ ਗੁਰਿੰਦਰ ਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਰਿਮਾਂਡ 'ਚ ਕੋਰੋਨਾ ਪਾਜ਼ੀਟਿਵ ਆਏ ਜੁਲਫੀ ਗੌਰ ਅਲੀ ਦੇ ਸੰਪਰਕ ਵਿੱਚ ਆਏ ਐਸ ਐਸ ਪੀ ਸੰਦੀਪ ਗੋਇਲ, ਬਰਨਾਲਾ ਦੇ ਸੀਜੇਐਮ ਵਿਨੀਤ ਨਾਰੰਗ ,ਐਸ ਪੀ ਡੀ ਸੁਖਦੇਵ ਸਿੰਘ ਵਿਰਕ , ਏ ਐਸ ਪੀ ਮਹਿਲ ਕਲਾਂ ਪ੍ਰਗਿਆ ਜੈਨ ,ਸੀਆਈਏ ਸਟਾਫ ਬਰਨਾਲਾ ਦੀ ਟੀਮ, ਥਾਣਾ ਮਹਿਲ ਕਲਾਂ ਦੇ ਕਰਮਚਾਰੀ ਅਤੇ ਜੁਡੀਸ਼ੀਅਲ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਪ੍ਰੋਟੋਕੋਲ ਅਨੁਸਾਰ ਕੁਆਰੰਟੀਨ ਕੀਤਾ ਜਾ ਰਿਹਾ ਹੈ।
ਜੁਲਫੀ ਨੂੰ ਵੀ ਆਈਸੋਲੇਸ਼ਨ ਸੈਂਟਰ 'ਚ ਭਰਤੀ ਕਰਕੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਸੂਚੀ ਤਿਆਰ ਕਰ ਰਿਹਾ ਹੈ। ਤਾਂ ਕਿ ਉਨ੍ਹਾਂ ਨੂੰ ਵੀ ਕੁਆਰੰਟੀਨ ਕੀਤਾ ਜਾ ਸਕੇ। ਉੱਧਰ ਸਿਵਲ ਸਰਜਨ ਨੇ ਦੱਸਿਆ ਕਿ ਭਾਂਵੇ ਐਸਪੀ ਡੀ ਵਿਰਕ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਤਿੰਨ ਹੋਰ ਰਿਪੋਰਟਾਂ ਵੀ ਥੋੜੇ ਸਮੇਂ ਤੱਕ ਆ ਜਾਣਗੀਆਂ।
ਰਿਪੋਰਟ ਨੈਗੇਟਿਵ ਆ ਜਾਣ ਦੇ ਬਾਵਜੂਦ ਵੀ ਕੋਰੋਨਾ ਪਾਜ਼ੀਟਿਵ ਮਰੀਜ ਜੁਲਫੀ ਦੇ ਸੰਪਰਕ 'ਚ ਆਉਣ ਵਾਲਿਆਂ ਨੂੰ ਇੱਕ ਹਫਤੇ ਲਈ ਕੁਆਰੰਟੀਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸੀਆਈਏ ਸਟਾਫ ਅਤੇ ਮਹਿਲ ਕਲਾਂ ਥਾਣੇ ਦੇ ਕਰੀਬ 50 ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ।