ਫਿਰੋਜ਼ਪੁਰ, 5 ਜੂਨ 2020 : ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਦੇ ਸਬ ਇੰਸਪੈਕਟਰ ਬਲਵੰਤ ਸਿੰਘ ਅਤੇ ਏਐੱਸਆਈ ਗੁਰਚਰਨ ਸਿੰਘ ਦੀ ਅਗਵਾਈ ਵਿਚ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ 4 ਕਿੱਲੋ 600 ਗ੍ਰਾਮ ਹੈਰੋਇਨ ਅਤੇ 50 ਗ੍ਰਾਮ ਅਫੀਮ ਬਰਾਮਦ ਕੀਤੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਆਈਏ ਸਟਾਫ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਬਲਵੰਤ ਸਿੰਘ ਅਤੇ ਏਐੱਸਆਈ ਗੁਰਚਰਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਰਹੱਦੀ ਪਿੰਡ ਦਾ ਦੋਸ਼ੀ ਬਗੀਚਾ ਸਿੰਘ ਨਾਮੀ ਤਸਕਰ ਹੈ ਅਤੇ ਇਸ ਦੇ ਪਾਕਿਸਤਾਨ ਦੇ ਤਸਕਰਾਂ ਨਾਲ ਸਬੰਧ ਹਨ। ਇਹ ਤਸਕਰ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਸਪਲਾਈ ਕਰਦਾ ਹੈ।
ਇਸ ਤੋਂ ਬਾਅਦ ਪੁਲਿਸ ਨੇ ਸਰਚ ਮੁਹਿੰਮ ਦੌਰਾਨ ਖੇਤਾਂ ਵਿਚੋਂ 4 ਕਿਲੋ 600 ਗ੍ਰਾਮ ਹੈਰੋਇਨ ਅਤੇ 50 ਗ੍ਰਾਮ ਅਫੀਮ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਬਗੀਚਾ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਬਰਾਮਦ ਹੋਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 23 ਕਰੋੜ ਰੁਪਏ ਦੱਸੀ ਜਾ ਰਹੀ ਹੈ।