- ਪੌਦੇ ਲਗਾ ਕੇ ਅਤੇ ਜੈਵਿਕ ਖਾਦ ਵੰਡ ਕੇ ਮਨਾਇਆ ਵਾਤਾਵਰਨ ਦਿਵਸ
ਫਿਰੋਜ਼ਪੁਰ, 5 ਜੂਨ 2020 : ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ, ਪਰ ਇਸ ਵਾਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨ੍ਹਾ ਇਕੱਠ ਕੀਤੇ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਕਾਰਜ ਸਾਧਕ ਅਫਸਰ ਪਰਮਿੰਦਰ ਸਿੰਘ ਸੁਖੀਜਾ ਦੀ ਅਗਵਾਈ ਵਿਚ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਪੌਦੇ ਲਗਾਏ ਗਏ, ਜ਼ਿਆਦਾਤਰ ਇਹ ਪੌਦੇ ਪ੍ਰੈਸ ਕਲੱਬ ਚੋਂਕ ਤੋਂ ਬਾਗੀ ਹਸਪਤਾਲ ਰੋਡ ਤੇ ਲਗਾਏ ਗਏ।
ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਤਿਆਰ ਕੀਤੀ ਗਈ ਜੈਵਿਕ ਖਾਦ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਘਰੇਲੂ ਕਚਰੇ ਤੋਂ ਬਣੀ ਜੈਵਿਕ ਖਾਦ ਵੀ ਵੰਡੀ ਗਈ। ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਂਡ ਐੱਨਜੀਓ ਨਾਲ ਮਿਲ ਕੇ ਕਈ ਥਾਵਾਂ ਤੇ ਪੰਛੀਆਂ ਦੇ ਦਾਣੇ ਪਾਣੀ ਲਈ ਵੱਖ ਰੂਪ ਨਾਲ ਤਿਆਰ ਕੀਤੇ ਆਲ੍ਹਣੇ ਵੀ ਬਣਾਏ ਗਏ। ਜਿਨ੍ਹਾਂ ਨੂੰ ਵੱਖ ਵੱਖ ਸਥਾਨਾਂ ਤੇ ਦਰਖੱਤਾਂ ਨਾਲ ਟੰਗਿਆ ਗਿਆ।
ਇਸ ਮੌਕੇ ਸੈਕਟਰੀ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਅਤੇ ਸਬੰਧਤ ਵਿਭਾਗਾਂ ਨੂੰ ਸਹਿਯੋਗ ਦੇਣ, ਕਚਰੇ ਨੂੰ ਅੱਗ ਨਾ ਲਗਾਉਣ, ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ, ਵੱਧ ਤੋਂ ਵੱਧ ਪੌਦੇ ਲਗਾਏ ਜਾਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇ, ਆਪਣੇ ਘਰੇਲੂ ਰਸੋਈ ਕਚਰੇ ਤੋਂ ਘਰ ਅੰਦਰ ਹੀ ਖਾਦ ਤਿਆਰ ਕਰਕੇ ਸਬਜ਼ੀਆਂ, ਫਲਾਂ ਅਤੇ ਗਮਲਿਆਂ ਵਿਚ ਵਰਤਿਆ ਜਾਵੇ।
ਇਸ ਮੌਕੇ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਤੋਂ ਇਲਾਵਾ ਮਿਊਂਸੀਪਲ ਇੰਜ਼ੀਨੀਅਰ ਐੱਸਐੱਸ ਬਹਿਲ, ਜੇਈ ਲਵਪ੍ਰੀਤ, ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਅਤੇ ਗੁਰਇੰਦਰ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਸਿਮਰਨਜੀਤ ਸਿੰਘ ਅਤੇ ਅਮਨਦੀਪ ਸਿੰਘ ਤੋਂ ਇਲਾਵਾ ਮੋਟੀਵੇਟਰ ਟੀਮ ਹਾਜ਼ਰ ਸੀ।