ਮਨਿੰਦਰਜੀਤ ਸਿੱਧੂ
- ਕਈ ਸਾਲਾਂ ਬਾਅਦ ਕੋਈ ਲੀਡਰ ਪਹਿਲੀ ਵਾਰ ਸਟੇਡੀਅਮ ਦੇ ਸਾਰ ਲੈਣ ਪਹੁੰਚਿਆ-ਖਿਡਾਰੀ
ਜੈਤੋ , 5 ਜੂਨ , 2020 - ਜੈਤੋ ਹਲਕੇ ਦੇ ਤੀਹ ਪਿੰਡਾਂ ਦੇ ਨੌਜਵਾਨ ਮੁੰਡੇ ਕੁੜੀਆਂ ਜੈਤੋ ਦੇ ਖੇਡ ਸਟੇਡੀਅਮ ਵਿੱਚ ਫੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਪ੍ਰੈਕਟਿਸ ਕਰਨ ਆਉਂਦੇ ਹਨ। ਸ਼ਹਿਰ ਦੇ ਸੈਂਕੜੇ ਲੋਕ ਰੋਜ਼ਾਨਾ ਸੈਰ ਕਰਨ ਲਈ ਆਉਂਦੇ ਹਨ। ਸਰਕਾਰਾਂ ਦੇ ਧਿਆਨ ਨਾ ਦੇਣ ਕਰਕੇ ਪਿਛਲੇ ਕਈ ਸਾਲਾਂ ਤੋਂ ਜੈਤੋ ਖੇਡ ਸਟੇਡੀਅਮ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸਟੇਡੀਅਮ ਦੀ ਹਾਲਤ ਸੁਧਾਰਨ ਲਈ ਪਿਛਲੇ ਲੰਮੇ ਸਮੇਂ ਤੋਂ ਕੋਈ ਸਰਕਾਰੀ ਗਰਾਂਟ ਨਹੀਂ ਆਈ।
ਸਟੇਡੀਅਮ ਨਾਲ ਜੁੜੇ ਨੌਜਵਾਨ ਅਤੇ ਸ਼ਹਿਰਵਾਸੀਆਂ ਨੇ ਸਮੇਂ ਸਮੇਂ ਤੇ ਮੌਕੇ ਦੇ ਲੀਡਰਾਂ ਨੂੰ ਬਹੁਤ ਵਾਰ ਸਟੇਡੀਅਮ ਦੀ ਹਾਲਤ ਸੁਧਾਰਨ ਲਈ ਬੇਨਤੀਆਂ ਕੀਤੀਆਂ, ਪਰ ਲੀਡਰ ਵੋਟਾਂ ਵੇਲੇ ਤਾਂ ਜਰੂਰ ਸਟੇਡੀਅਮ ਵਿੱਚ ਗੇੜਾ ਮਾਰ ਜਾਂਦੇੇ ਸਨ ਪਰ ਵੋਟਾਂ ਤੋਂ ਬਾਅਦ ਕੋਈ ਵੀ ਸਟੇਡੀਅਮ ਦੀ ਸਾਰ ਲੈਣ ਲਈ ਕਦੇ ਨਹੀਂ ਆਇਆ ਪਰ ਅੱਜ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵੋਟਾਂ ਨੇੜੇ ਤੇੜੇ ਵੀ ਨਾ ਹੋਣ ਦੇ ਬਾਵਜ਼ੂਦ ਸਟੇਡੀਅਮ ਦੀ ਸਾਰ ਲੈਣ ਪਹੁੰਚੇ।
ਇਸ ਤੇ ਸਭ ਨੂੰ ਹੈਰਾਨੀ ਤਾਂ ਹੋਈ ਪਰ ਨਾਲ ਹੀ ਸਟੇਡੀਅਮ ਦੇ ਸੁਧਾਰ ਲਈ ਲੰਮੇ ਸਮੇਂ ਤੋਂ ਜੱਦੋ-ਜਹਿਦ ਕਰਦੇ ਵਿਅਕਤੀਆਂ ਨੂੰ ਖੁਸ਼ੀ ਵੀ ਹੋਈ ਕੇ ਕੋਈ ਤਾਂ ਅਜਿਹਾ ਲੀਡਰ ਆਇਆ ਜਿਸਨੇ ਸਾਡੇ ਸਟੇਡੀਅਮ ਵੱਲ ਧਿਆਨ ਦਿੱਤਾ। ਸਟੇਡੀਅਮ ਵਿਖੇ ਪਹੁੰਚੇ ਐਮ.ਪੀ. ਮੁਹੰਮਦ ਸਦੀਕ ਨੂੰ ਡਾ. ਜਸਵੀਰ ਸਿੰਘ ਭੋਲਾ ਅਤੇ ਹਰਵਿੰਦਰ ਸਿੰਘ “ਰਾਜੂ” ਨੇ ਸਟੇਡੀਅਮ ਦੀ ਖਸਤਾ ਹਾਲਤ ਬਾਰੇ ਅਤੇ ਸਟੇਡੀਅਮ ਵਿਚਲੀਆਂ ਸਹੂਲਤਾਂ ਦੀ ਘਾਟ ਤੋਂ ਜਾਣੂ ਕਰਵਾਇਆ।
ਮੌਕੇ 'ਤੇ ਮੌਜੂਦ ਸੀਨੀਅਰ ਕਾਂਗਰਸੀ ਆਗੂ ਸੂਰਜ਼ ਭਾਰਦਵਾਜ ਨੇ ਸਟੇਡੀਅਮ ਵਿੱਚ ਜੋ-ਜੋ ਖਾਮੀਆਂ ਉਥੇ ਮੌਜੂਦ ਲੋਕਾਂ ਵੱਲੋਂ ਲਿਖਾਈਆਂ ਉਹਨਾਂ ਸਭ ਲ਼ਿਖ ਕੇ ਅੱਗੇ ਅਧਿਕਾਰੀਆਂ ਨੂੰ ਭੇਜ ਦਿੱਤੀਆਂ। ਇਸ ਮੌਕੇ ਮੁਹੰਮਦ ਸਦੀਕ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਨਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਮੇਰੀ ਪੂਰੀ ਕੋਸ਼ਿਸ ਹੈ ਅਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾਂ ਹਾਂ ਕਿ ਸਰਕਾਰ ਪਾਸੋਂ ਵੱਧ ਤੋਂ ਵੱਧ ਪੈਸਾ ਲਿਆ ਕੇ ਮੈਂ ਸਟੇਡੀਅਮ ਦੀ ਕਾਇਆ ਕਲਪ ਕਰਾਂਗਾ।
ਇਸ ਮੌਕੇ ਬੀਬੀ ਜਾਵੇਦ ਅਖਤਰ ਨੇ ਕਿਹਾ ਕਿ ਜੈਤੋ ਹਲਕੇ ਦੇ ਲੋਕਾਂ ਨੇ ਸਾਨੂੰ ਬਹੁਤ ਜਿਆਦਾ ਪਿਆਰ ਅਤੇ ਸਤਿਕਾਰ ਦਿੱਤਾ ਹੈ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਵਿਧਾਨ ਸਭਾ ਹਲਕਾ ਜੈਤੋ ਦਾ ਸਰਵ-ਪੱਖੀ ਵਿਕਾਸ ਹੋਵੇ। ਇਸ ਮੌਕੇ ਦੀ ਟਰੱਕ ਅਪਰੇਟਰ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ ਨੇ ਕਿਹਾ ਕਿ ਸਦੀਕ ਸਾਹਿਬ ਕਹਿਣੀ ਅਤੇ ਕਰਨੀ ਦੇ ਪੂਰੇ ਹਨ, ਜੋ ਵਾਅਦਾ ਉਹਨਾਂ ਨੇ ਕੀਤਾ ਹੈ ਉਸਨੂੰ ਪੂਰਾ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਿਣਗੇ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਰਾਜਾ ਭਾਰਦਵਾਜ, ਸੱਤਪਾਲ ਡੋਡ, ਐਡਵੋਕੇਟ ਮਦਨ ਲਾਲ ਬਾਂਸਲ, ਹਰਜੀਤ ਸਿੰਘ ਬਿਸ਼ਨੰਦੀ, ਸੁਖਪਾਲ ਸਿੰਘ ਪਾਲੀ, ਭੁਪਿੰਦਰ ਸਿੰਘ ਭੱਪਾ, ਨੰਬਰਦਾਰ ਮਨਜੀਤ ਸਿੰਘ, ਅਮਨਦੀਪ ਸਿੰਘ ਕਾਲਾ, ਕੋਚ ਯਾਦਵਿੰਦਰ ਸਿੰਘ ਬੰਟੂ, ਜੱਟਾ ਮਹੇਸ਼ਵਰੀ, ਟੀਟੂ ਗੋਇਲ, ਮਾਸਟਰ ਬਲਜੀਤ ਸਿੰਘ ਗਰੋਵਰ ਕੌਮੀ ਦੌੜਾਕ, ਮਾਸਟਰ ਅੰਤਰਪਾਲ ਸਿੰਘ, ਕਾਕਾ ਸਿੰਘ ਗਿੰਨੀ ਦੱਗਲ, ਹਰਪ੍ਰੀਤ ਸਿੰਘ ਗਿੱਲ, ਅਜੈ, ਪੁਨੀਤ, ਕਰਨ ਸ਼ਰਮਾ, ਦੀਪਕ ਆਦਿ ਹਾਜਰ ਸਨ।