← ਪਿਛੇ ਪਰਤੋ
ਜਗਦੀਸ਼ ਥਿੰਦ ਫਾਜਿਲਕਾ, 5 ਜੂਨ ਜ਼ਿਲ੍ਹੇ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੀ ਵੰਡ ਦੇ ਕੰਮ ਨੂੰ 92 ਫ਼ੀਸਦੀ ਮੁਕੰਮਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਤਿੰਨ ਮਹੀਨਿਆਂ ਲਈ ਪ੍ਰਤੀ ਵਿਅਕਤੀ 15 ਕਿਲੋ ਕਣਕ ਅਤੇ 3 ਕਿਲੋ ਦਾਲ ਪ੍ਰਤੀ ਪਰਿਵਾਰ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ. ਸੰਧੂ ਨੇ ਦੱਸਿਆ ਕਿ ਸਮਾਰਟ ਰਾਸ਼ਨਕਾਰਡ ਧਾਰਕਾਂ ਨੂੰ ਸੁਚਾਰੂ ਢੰਗ ਨਾਲ ਮੁਫ਼ਤ ਅਨਾਜ ਦੀ ਵੰਡ ਕੀਤੀ ਜਾ ਰਹੀ ਹੈ। ਅਨਾਜ ਵੰਡ ਸਮੇਂ ਵਿਸੇਸ ਤੌਰ 'ਤੇ ਕੋਵਿਡ 19 ਦੇ ਪ੍ਰਕੋਪ ਨੂੰ ਰੋਕਣ ਲਈ ਹਰੇਕ ਵਿਅਕਤੀ ਨੂੰ ਸਾਮਾਜਿਕ ਦੂਰੀ ਬਣਾਉਣ ਅਤੇ ਮਾਸਕ ਪਾਉਣ ਲਈ ਵਿਸੇਸ ਤੌਰ ਤੇ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਨਾਜ ਵੰਡ ਦੇ ਰਹਿੰਦੇ ਕੰਮ ਨੂੰ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜ਼ਿਲ਼੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਰਾਜਰਿਸ਼ੀ ਮਹਿਰਾ ਨੇ ਦੱਸਿਆ ਕਿ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਜ਼ਿਲੇ ਦੇ ਕਰੀਬ ਡੇਢ ਲੱਖ ਸਮਾਰਟ ਰਾਸ਼ਨ ਕਾਰਡ ਧਾਰਕ ਹਨ, ਜਿਨ੍ਹਾਂ ਵਿੱਚੋਂ 1 ਲੱਖ 42 ਹਜਾਰ ਤੋਂ ਵਧੇਰੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਕਵਰ ਕਰ ਲਿਆ ਗਿਆ ਹੈ। ਇਹ ਅਨਾਜ ਅਪਰੈਲ ਤੋਂ ਜੂਨ ਤੱਕ ਤਿੰਨ ਮਹੀਨਿਆਂ ਦਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਉਨਾਂ ਪਾਸੋਂ ਕੋਈ ਪੈਸਾ ਨਹੀਂ ਲਿਆ ਜਾ ਰਿਹਾ। ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਅਨਾਜ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕਰਨ ਦੀਆਂ ਹਦਾਇਤਾਂ ਤਹਿਤ ਲਾਭਪਾਤਰੀਆਂ ਤੱਕ ਗੁਣਵੱਤਾ ਭਰਪੂਰ ਅਨਾਜ ਹੀ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 81570 ਕੁਇੰਟਲ ਕਣਕ ਅਤੇ 3856 ਕੁਇੰਟਲ ਦਾਲ ਦੀ ਮੁਫ਼ਤ ਵੰਡ ਕੀਤੀ ਜਾ ਚੁੱਕੀ ਹੈ।
Total Responses : 108