ਅਸ਼ੋਕ ਵਰਮਾ
ਬਠਿੰਡਾ, 5 ਜੂਨ 2020 - ਬਠਿੰਡਾ ਸ਼ਹਿਰ ਦੇ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਨਾਜਾਇਜ਼ ਤਰੀਕੇ ਨਾਲ ਲਿੰਗ ਨਿਰਧਾਰਣ ਕੀਤੇ ਜਾਣ ਦਾ ਕਾਰੋਬਾਰ ਬੇਪਰਦ ਹੋਇਆ ਹੈ। ਅੱਜ ਇਸ ਸਬੰਧੀ ਸ਼ਕਾਇਤ ਨੂੰ ਲੈ ਕੇ ਹਰਿਆਣਾ ਦੇ ਸਿਰਸਾ ਜਿਲੇ ਦੇ ਸਿਹਤ ਵਿਭਾਗ ਦੀ ਟੀਮ , ਸਿਹਤ ਵਿਭਾਗ ਬਠਿੰਡਾ ਦੇ ਅਧਿਕਾਰੀਆਂ ਤੇ ਪੁਲਿਸ ਨੇ ਇੰਦਰਾਨੀ ਹਸਪਤਾਲ ’ਚ ਛਾਪੇਮਾਰੀ ਕੀਤੀ ਹੈ। ਇਸ ਮੌਕੇ ਪੁਲਿਸ ਨੇ ਤਿੰਨ ਕਥਿਤ ਏਜੰਟਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਰੌਚਕ ਤੱਥ ਹੈ ਕਿ ਹਸਪਤਾਲ ਦੇ ਬਾਹਰ ‘ਇੱਥੇ ਲਿਗ ਨਿਰਧਾਰਣ ਟੈਸਟ ਨਹੀਂ ਕੀਤਾ ਜਾਂਦਾ’ ਦਾ ਬੋਰਡ ਵੀ ਲੱਗਿਆ ਹੋਇਆ ਹੈ। ਹਾਲਾਂਕਿ ਹਸਪਤਾਲ ਦੇ ਮਾਲਕ ਡਾਕਟਰ ਨੇ ਦੋਸ਼ਾਂ ਨੂੰ ਝੂਠੇ ਦੱਸਿਆ ਹੈ ਫਿਰ ਵੀ ਹਸਪਤਾਲ ਦਾ ਇਸ ਤਰ੍ਹਾਂ ਦਾ ਕਥਿਤ ਮਾਮਲਾ ਸਾਹਮਣੇ ਆਉਣਾ ਕਈ ਸਵਾਲ ਖੜੇ ਕਰਦਾ ਹੈ। ਸਿਰਸਾ ਦੇ ਸਿਹਤ ਅਧਿਕਾਰੀ ਡਾ ਰਜੇਸ਼ ਚੌਧਰੀ ਦਾ ਕਹਿਣਾ ਸੀ ਕਿ ਇਸ ਸਬੰਧ ’ਚ ਸਿਵਲ ਸਰਜਨ ਸਿਰਸਾ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ।
ਸ਼ਿਕਾਇਤ ’ਚ ਦੱਸਿਆ ਗਿਆ ਸੀ ਕਿ ਇਸ ਇਲਾਕੇ ’ਚ ਅਜਿਹਾ ਗਿਰੋਹ ਸਰਗਰਮ ਹੈ ਜੋਕਿ ਮੁੰਡਾ ਜਾਂ ਕੁੜੀ ਦਾ ਪਤਾ ਲਾਉਣ ਲਈ ਲਿੰਗ ਨਿਰਧਾਰਣ ਟੈਸਟ ਕਰਵਾਉਂਦਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਇੱਕ ਟੀਮ ਬਣਾਈ ਗਈ ਸੀ। ਟੀਮ ਨੇ ਆਪਣਾ ਜਾਲ ਵਿਛਾਉਂਦਿਆਂ ਇੱਕ ਫਰਜ਼ੀ ਗਾਹਕ ਤਿਆਰ ਕੀਤਾ ਅਤੇ ਏਜੰਟ ਨਾਲ 42 ਹਜਾਰ ਰੁਪਏ ’ਚ ਸੌਦਾ ਕਰ ਲਿਆ। ਉਨ੍ਹਾਂ ਦੱਸਿਆ ਕਿ ਅੱਜ ਏਜੰਟ ਉਨਾਂ ਨੂੰ ਇੰਦਰਾਣੀ ਹਸਪਤਾਲ ਲੈ ਗਿਆ ਜਿੱਥੇ ਡਾਕਟਰ ਨੇ ਟੈਸਟ ਕਰਨ ਉਪਰੰਤ ਲਿੰਗ ਸਬੰਧੀ ਲੜਕਾ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ਼ ਇਨ੍ਹਾਂ ਨੂੰ ਦਿਖਾਈ ਹੈ ਜਿਸ ’ਚ ਕਈ ਤਰ੍ਹਾਂ ਦੇ ਤੱਥ ਸਾਹਮਣੇ ਆਏ ਹਨ ਉਨ੍ਹਾਂ ਆਖਿਆ ਕਿ ਡਾਕਟਰ ਦੇ ਸਬੰਧ ’ਚ ਅੱਗਿਓਂ ਕੋਈ ਵੀ ਕਾਰਵਾਈ ਬਠਿੰਡਾ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਣੀ ਹੈ।
ਇਸ ਮੌਕੇ ਟੀਮ ਵੱਲੋਂ ਕਾਬੂ ਕੀਤੇ ਗੁਰਜੀਤ ਸਿੰਘ ਵਾਸੀ ਫੂਸ ਮੰਡੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਦੋ ਵਾਰ ਆਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਉਸ ਨੇ 35 ਹਜਾਰ ਰੁਪਿਆ ਹਾਸਲ ਕੀਤਾ ਹੈ ਜਿਸ ਚੋਂ 22 ਹਜਾਰ ਰੁਪਏ ਹਸਪਤਾਲ ਵਾਲਿਆਂ ਦੇ ਇੱਕ ਆਦਮੀ ਨੂੰ ਦਿੱਤੇ ਹਨ। ਦੂਜੇ ਪਾਸੇ ਸੂਤਰਾਂ ਨੇ ਦੱਸਿਆ ਹੈ ਕਿ ਟੀਮ ਦੇ ਨਾਲ ਆਈ ਪੁਲਿਸ ਨੇ ਤਿੰਨ ਜਣਿਆਂ ਨੂੰ ਹਿਰਾਸਤ ’ਚ ਲਿਆ ਹੈ ਜਿੰਨਾਂ ਚੋਂ ਇੱਥ ਫਰਜ਼ੀ ਡਾਕਟਰ ਵੀ ਹੈ। ਸੂਤਰ ਦੱਸਦੇ ਹਨ ਕਿ ਇਹ ਚਾਰ ਮੈਂਬਰੀ ਗਿਰੋਹ ਹੈ ਜਿਸ ’ਚ ਦੋ ਮੈਂਬਰ ਹਰਿਆਣਾ ਦੇ ਰਤੀਆ ਨਾਲ ਸਬੰਧ ਰੱਖਦੇ ਹਨ। ਪਤਾ ਲੱਗਿਆ ਹੈ ਕਿ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਸਿਹਤ ਵਿਭਾਗ ਬਠਿੰਡਾ ਦੇ ਅਧਿਕਾਰੀ ਬਹੁਤਾ ਕੁੱਝ ਬੋਲਣ ਤੋਂ ਬਚ ਰਹੇ ਹਨ।
ਇੰਦਰਾਣੀ ਹਸਪਤਾਲ ਦੇ ਮਾਲਕ ਡਾਕਟਰ ਆਤਿਨ ਗੁਪਤਾ ਦਾ ਕਹਿਣਾ ਸੀ ਕਿ ਹਸਪਤਾਲ ਕੋਲ ਅਜਿਹਾ ਕੋਈ ਸਿਸਟਮ ਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਜਿਹੜਾ ਵਿਅਕਤੀ ਆਇਆ ਹੈ ਉਸ ਨੂੰ ਉਹ ਜਾਣਦੇ ਨਹੀਂ ਹਨ। ਉਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਇਹ ਹਸਪਤਾਲ ਦੇ ਅਕਸ ਨੂੰ ਵਿਗਾੜਨ ਦਾ ਯਤਨ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਸਪਤਾਲ ਵਿੱਚ ਇਸ ਤਰ੍ਹਾਂ ਦਾ ਕੋਈ ਗੈਰਕਾਨੂੰਨੀ ਟੈਸਟ ਨਹੀਂ ਕੀਤਾ ਗਿਆ ਹੈ।
ਡੀਐਸਪੀ ਸਿਟੀ ਆਸ਼ਵੰਤ ਸਿੰਘ ਨੇ ਦੱਸਿਆ ਕਿ ਹਰਿਆਣਾ ਪੁਲਿਸ ਨੇ ਹੀ ਇੰਦਰਾਨੀ ਹਸਪਤਾਲ ਤੇ ਛਾਪਾ ਮਰਿਆ ਸੀ। ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲਿਸ ਹਿਰਾਸਤ ’ਚ ਲਏ ਬੰਦਿਆਂ ਨੂੰ ਆਪਣੇ ਨਾਲ ਲੈ ਗਈ ਹੈ ਅਤੇ ਉਸ ਵੱਲੋਂ ਹੀ ਅੱਗੇ ਕੋਈ ਕਾਰਵਾਈ ਕੀਤੀ ਜਾਣੀ ਹੈ।
ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਲਈ ਮੁਢਲੇ ਪੜਾਅ ਤੇ ਕੁੱਝ ਵੀ ਕਹਿਣਾ ਮੁਸ਼ਕਲ ਹੈ। ਉਨ੍ਹਾਂ ਆਖਿਆ ਕਿ ਜੇਕਰ ਕੁੱਝ ਵੀ ਗੈਰਕਾਨੂੰਨੀ ਕੰਮ ਸਾਹਮਣੇ ਆਇਆ ਤਾਂ ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਏਗੀ।