ਜੀ ਐਸ ਪੰਨੂ
ਪਟਿਆਲਾ, 5 ਜੂਨ 2020 - ਜੂਨ 2 ਨੂੰ ਜਦੋਂ ਮਨਦੀਪ ਸਿੰਘ ਪਟਿਆਲਾ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਟੋਲ ਪਲਾਜਾ ਸਮਾਣਾ ਨੇੜੇ ਅਣਪਛਾਤੇ ਵਿਅਕਤੀ ਨੇ ਉਸ ਤੋਂ ਲਿਫਟ ਮੰਗੀ ਪਰ ਜਦੋਂ ਉਹ ਆਦਰਸ਼ ਕਾਲਜ ਸਮਾਣਾ ਕੋਲ ਪੁੱਜੇ ਤਾਂ ਉਸ ਵਿਅਕਤੀ ਨੇ ਪਿਸ਼ਾਬ ਕਰਨ ਦਾ ਬਹਾਨਾ ਲਗਾਕੇ ਗੱਡੀ ਰੁਕਵਾ ਲਈ, ਮਨਦੀਪ ਸਿੰਘ ਵੱਲੋਂ ਗੱਡੀ ਰੋਕਦਿਆਂ ਹੀ ਲਿਫਟ ਮੰਗਣ ਵਾਲੇ ਨੇ ਪਿਸਟਲ ਨਾਲ ਉਸ ਨੂੰ 5 ਗੋਲੀਆਂ ਮਾਰਕੇ ਗੱਡੀ ਵਿੱਚੋ ਬਾਹਰ ਸੁੱਟ ਦਿੱਤਾ ਅਤੇ ਆਪਗੱਡੀ ਲੈ ਕੇ ਫਰਾਰ ਹੋ ਗਿਆ।
ਪਟਿਆਲਾ ਪੁਲਿਸ ਨੇ ਸਮਾਣਾ ਰੋਡ 'ਤੇ ਆਦਰਸ਼ ਕਾਲਜ ਨੇੜੇ ਲਿਫ਼ਟ ਮੰਗਣ ਦੇ ਬਹਾਨੇ ਇੱਕ ਬ੍ਰੇਜਾ ਕਾਰ ਸਵਾਰ ਦੇ ਹਥਿਆਰਬੰਦ ਕਾਰ ਖੋਹਣ ਦੇ ਮਾਮਲੇ ਨੂੰ ਮਹਿਜ ਦੋ ਦਿਨਾਂ 'ਚ ਹੀ ਹੱਲ ਕਰਕੇ ਮੁੱਖ ਦੋਸ਼ੀ ਅਤੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਦਾਬਾ ਦੇ ਵਸਨੀਕ ਗੁਰਪ੍ਰੀਤ ਸਿੰਘ ਗੁਰੀ ਨੂੰ ਗ੍ਰਿਫ਼ਤਾਰ ਕਰ ਲਿਆ, ਗਿਰਫ਼ਤਾਰ ਵਿਅਕਤੀ ਕੋਲੋਂ ਖੋਹੀ ਕਾਰ ਅਤੇ ਦੇਸੀ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ ਜਦੋਂ ਕਿ ਵਾਰਦਾਤ 'ਚ ਵਰਤਿਆ ਪਿਸਤੌਲ ਅਜੇ ਬਰਾਮਦ ਕਰਨਾ ਬਾਕੀ ਹੈ। ਇਹ ਖੋਹੀ ਕਾਰ ਅੱਗੇ ਕਿਸੇ ਵੱਡੀ ਵਾਰਦਾਤ 'ਚ ਵਰਤਣ ਦੀ ਯੋਜਨਾ ਅੰਬਾਲਾ ਵਿਖੇ ਇੱਕ ਕਤਲ ਕਰਕੇ ਸੋਨੇ ਦੀ ਪ੍ਰਸਿੱਧ ਡਕੈਤੀ ਕਰਨ ਦੇ ਮਾਮਲੇ 'ਚ ਅੰਬਾਲਾ ਜੇਲ 'ਚ ਬੰਦ ਗੁਰਵਿੰਦਰ ਸਿੰਘ ਗੁਰੀ ਨੇ ਬਣਾਈ ਸੀ, ਜਿਸਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਕੇ ਪੁੱਛਗਿੱਛ ਕੀਤੀ ਜਾਵੇਗੀ।
ਐਸ.ਐਸ.ਪੀ. ਪਟਿਆਲਾ ਨੇ ਕਾਨਫਰੰਸ ਵਿੱਚ ਦਸਿਆ ਕਿ ਗੰਭੀਰ ਰੂਪ 'ਚ ਜਖ਼ਮੀ ਕਾਰ ਮਾਲਕ ਅਤੇ ਪਿੰਡ ਦੁੱਲੜ ਦਾ ਵਸਨੀਕ ਮਨਦੀਪ ਸਿੰਘ ਰਮਨ ਦੀ ਸਿਹਤਯਾਬ 'ਤੇ ਤਸੱਲੀ ਪ੍ਰਗਟਾਉਂਦਿਆ ਕਿਹਾ ਕਿ ਕਾਰ ਖੋਹਣ ਲਈ ਅੰਬਾਲਾ ਜੇਲ ਦੇ ਬੰਦੀ ਗੁਰਵਿੰਦਰ ਸਿੰਘ ਗੁਰੀ ਨੇ ਗੁਰਪ੍ਰੀਤ ਸਿੰਘ ਗੁਰੀ ਨੂੰ ਹੈਪੀ ਸਿੰਘ ਪੁੱਤਰ ਬਾਬੂ ਸਿੰਘ ਰਾਹੀ ਹਥਿਆਰ ਦੇਸੀ ਪਿਸਤੌਲ ਮੁਹੱਈਆ ਕਰਵਾਇਆ ਸੀ, ਜਿਸਦੀ ਪਛਾਣ ਕਰ ਲਈ ਗਈ ਹੈ ਉਸਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਕਰਦਾ ਗੁਰਪ੍ਰੀਤ ਸਿੰਘ ਗੁਰੀ ਜੁਰਮ ਦੀ ਦੁਨੀਆਂ 'ਚ ਨਵਾਂ ਹੀ ਆਇਆ ਸੀ, ਜਿਸਨੂੰ ਬੀਤੇ ਦਿਨ ਪਿੰਡ ਅਸਮਾਨਪੁਰ ਚੌਂਕ ਵਿਖੇ ਬਿਨ੍ਹਾਂ ਨੰਬਰ ਪਲੇਟਾਂ ਤੋ ਬ੍ਰੇਜਾ ਕਾਰ ਵਿੱਚ ਸਵਾਰ ਹੋ ਕੇ ਆਉਂਦੇ ਹੋਏ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਨੂੰ ਹੱਲ ਕਰਨ ਲਈ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ, ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਡੀ.ਐਸ.ਪੀ. ਸਮਾਣਾਂ ਜਸਵੰਤ ਸਿੰਘ, ਐਸ.ਐਚ.ਓ. ਥਾਣਾ ਸਦਰ ਸਮਾਣਾ ਇੰਸਪੈਕਟਰ ਰਣਬੀਰ ਸਿੰਘ, ਇੰਚਾਰਜ ਸੀ.ਆਈ.ਏ. ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਇੰਚਾਰਜ ਸੀ.ਆਈ.ਏ. ਸਮਾਣਾ ਐਸ.ਆਈ ਕਰਨੈਲ ਸਿੰਘ 'ਤੇ ਅਧਾਰਤ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਸਨ। ਇਨ੍ਹਾਂ ਟੀਮਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਤਫ਼ਤੀਸ਼ ਕਰਕੇ ਇਸ ਮਾਮਲੇ ਨੂੰ ਹੱਲ ਕੀਤਾ ਹੈ।