ਅਸ਼ੋਕ ਵਰਮਾ
ਬਠਿੰਡਾ, 5 ਜੂਨ 2020 - ਲਾਕਡਾਊਨ ਦੌਰਾਨ ਬੀ.ਐਫ.ਜੀ.ਆਈ. ਵੱਲੋਂ ਸ਼ੁਰੂ ਕੀਤੀ ਗਈ ਕੈਰੀਅਰ ਵੈਬੀਨਾਰ ਲੜੀ-2020 ਤਹਿਤ ‘10+2 ਮੈਡੀਕਲ ਤੋਂ ਬਾਅਦ ਕੈਰੀਅਰ ਦੇ ਵਿਕਲਪਾਂ’ ਬਾਰੇ ਛੇਵਾਂ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਵਿਸ਼ੇਸ਼ ਤੌਰ ’ਤੇ ਪ੍ਰੋ (ਡਾ.) ਆਰ. ਕੇ. ਕੋਹਲੀ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਬਠਿੰਡਾ), ਪ੍ਰੋ (ਡਾ.) ਰਾਜ ਬਹਾਦਰ, ਵਾਈਸ ਚਾਂਸਲਰ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ, ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਸ੍ਰੀ ਬੀ.ਡੀ. ਸ਼ਰਮਾ ਨੇ ਕੈਰੀਅਰ ਬਾਰੇ ਮਾਰਗ ਦਰਸ਼ਨ ਕਰਦਿਆਂ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਆਨਲਾਈਨ ਜਵਾਬ ਦਿੱਤੇ। ਇਸ ਵੈਬੀਨਾਰ ਵਿੱਚ ਪੰਜਾਬ ਅਤੇ ਦੇਸ਼ ਦੇ ਹੋਰਨਾਂ ਰਾਜਾਂ ਦੇ ਹਜ਼ਾਰਾਂ ਵਿਦਿਆਰਥੀਆਂ, ਉਨਾਂ ਦੇ ਮਾਪਿਆਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰੋ (ਡਾ.) ਆਰ. ਕੇ. ਕੋਹਲੀ ਨੇ ਕਿਹਾ ਕਿ ਹਰ ਕੈਰੀਅਰ ਹੀ ਚੰਗਾ ਹੁੰਦਾ ਹੈ ਅਤੇ ਜ਼ਿੰਦਗੀ ਦੇ ਹਰ ਪੜਾਅ ਤੇ ਸਾਨੂੰ ਕੁੱਝ ਨਾ ਕੁੱਝ ਨਵਾਂ ਸਿੱਖਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਆਪਨ ਦਾ ਪੇਸ਼ੇ ਨੂੰ ਸਭ ਤੋਂ ਉੱਤਮ ਦੱਸਿਆ। ਉਨ10+2 ਸਾਇੰਸ ਦੇ ਵਿਦਿਆਰਥੀਆਂ ਅਤੇ ਖ਼ਾਸ ਕਰ ਕੇ ਜੀਵ ਵਿਗਿਆਨ ਦੇ ਵਿਦਿਆਰਥੀਆਂ ਲਈ ਉਪਲਬਧ ਵਿਭਿੰਨ ਕੈਰੀਅਰ ਵਿਕਲਪਾਂ ਬਾਰੇ ਜਾਣਕਾਰੀ ਦਿੰਦਿਆਂ ਭਾਰਤ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਆਰਥਿਕ ਲਾਭ, ਫੈਲੋਸ਼ਿਪ ਸਕੀਮਾਂ, ਸਕਾਲਰਸ਼ਿਪ ਅਤੇ ਸਿਖਲਾਈ ਆਦਿ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨਾਂ ਨੇ ਅੱਗੇ ਕਿਹਾ ਕਿ ਵਿਦਿਆਰਥੀ ਆਪਣੀ ਰੁਚੀ, ਸਮਰੱਥਾ ਅਤੇ ਯੋਗਤਾ ਅਨੁਸਾਰ ਹੀ ਆਪਣੇ ਵਿਸ਼ੇ ਚੁਣਨ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਖੇਤਰ ਵਿੱਚ ਜਾਣ ਵਾਲੇ ਵਿਦਿਆਰਥੀ ਵਿੱਚ ਉੱਚ ਕਦਰਾਂ ਕੀਮਤਾਂ, ਸਚਾਈ, ਇਮਾਨਦਾਰੀ, ਨਿਡਰਤਾ, ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਨਿਮਰਤਾ ਆਦਿ ਗੁਣ ਹੋਣੇ ਬਹੁਤ ਜ਼ਰੂਰੀ ਹਨ। ਵਿਦਿਆਰਥੀਆਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਨੇ ਸੈਂਟਰਲ ਯੂਨੀਵਰਸਿਟੀ ਵਿੱਚ ਉਪਲਬਧ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਨਾਂ ਕੋਰਸਾਂ ਵਿੱਚ ਦਾਖ਼ਲੇ ਦੀ ਪ੍ਰਕਿਰਿਆ ਬਾਰੇ ਵੀ ਚਾਨਣਾ ਪਾਇਆ।
ਇਸ ਮੌਕੇ ਡਾ. ਰਾਜ ਬਹਾਦਰ ਨੇ ਦੱਸਿਆ ਕਿ ਹਰ ਵਿਦਿਆਰਥੀ ਦੇ ਅੰਦਰ ਵਿਲੱਖਣ ਅਤੇ ਵਿਸ਼ੇਸ਼ ਗੁਣ ਹੁੰਦਾ ਹੈ ਇਸ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਵਿਦਿਆਰਥੀ ਦੇ ਇਸ ਵਿਲੱਖਣ ਗੁਣ ਨੂੰ ਪਛਾਣ ਕੇ ਵਿਦਿਆਰਥੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨਾਂ ਨੇ ਮੈਡੀਕਲ ਅਤੇ ਪੈਰਾ ਮੈਡੀਕਲ ਕੋਰਸਾਂ ਦੀ ਜਾਣਕਾਰੀ ਦਿੰਦਿਆਂ ਐਮ.ਬੀ.ਬੀ.ਐਸ, ਬੀ.ਡੀ.ਐਸ., ਬੀ.ਪੀ.ਟੀ. ਅਤੇ ਨਰਸਿੰਗ ਆਦਿ ਮਹੱਤਵਪੂਰਨ ਕੈਰੀਅਰਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨਾਂ ਨੇ ਦੱਸਿਆ ਕਿ ਐਮ.ਬੀ.ਬੀ.ਐਸ ਜਾਂ ਬੀ.ਡੀ.ਐਸ. ਕੋਰਸਾਂ ਵਿਚ ਦਾਖ਼ਲੇ ਲਈ ਐਨ.ਈ.ਈ.ਟੀ. (ਨੀਟ) ਦੀ ਪ੍ਰੀਖਿਆ ਦੇਣੀ ਅਤਿ ਜ਼ਰੂਰੀ ਹੈ ਜਿਸ ਦੀ ਮੈਰਿਟ ਦੇ ਆਧਾਰ ਤੇ ਹੀ ਵਿਦਿਆਰਥੀ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਸੰਸਥਾਵਾਂ ਵਿੱਚ ਦਾਖ਼ਲਾ ਲੈ ਸਕਦੇ ਹਨ। ਉਨਾਂ ਕਿਹਾ ਕਿ ਮਨੱੁਖਤਾ ਦੀ ਸੇਵਾ ਕਰਨ ਦਾ ਸਭ ਤੋਂ ਵਧੀਆ ਅਤੇ ਮਹੱਤਵਪੂਰਨ ਪੇਸ਼ਾ ਮੈਡੀਕਲ ਹੈ। ਉਨਾਂ ਕਿਹਾ ਕਿ ਕਾਮਯਾਬੀ ਹਾਸਲ ਕਰਨ ਲਈ ਹਮੇਸ਼ਾ ਆਪਣੇ ਟੀਚੇ ’ਤੇ ਧਿਆਨ ਕੇਂਦਰਿਤ ਕਰ ਕੇ ਦਿ੍ਰੜ ਇਰਾਦੇ ਨਾਲ ਸਮਰਪਿਤ ਹੋ ਕੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦਿੰਦਿਆਂ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਅਸਲ ਵਿੱਚ ਕੋਈ ਵੀ ਇੰਸਟੀਚਿਊਟ ਜਾਂ ਕੋਰਸ ਚੰਗਾ ਮਾੜਾ ਨਹੀਂ ਹੁੰਦਾ ਅਤੇ ਹਰ ਵਿਦਿਆਰਥੀ ਨੂੰ ਆਪਣੇ ਐਪਟੀਚਿਊਡ ਮੁਤਾਬਿਕ ਹੀ ਕੈਰੀਅਰ ਦੀ ਚੋਣ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਕਾਮਯਾਬੀ ਹਾਸਲ ਕਰਨ ਲਈ ਸਖ਼ਤ ਮਿਹਨਤ ਨਾਲ ਨਿਯਮਤ ਪੜਾਈ ਕਰਨ ਬਹੁਤ ਲਾਜ਼ਮੀ ਹੈ। ਉਨਾਂ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਵੈਬੀਨਾਰ ਲੜੀ ਰਾਹੀਂ ਕੈਰੀਅਰ ਗਾਈਡੈਂਸ ਦੇਣ ਦੇ ਨਾਲ-ਨਾਲ ਉਨਾਂ ਨੂੰ ਕਾਊਂਸਲਿੰਗ ਲਈ ਇੱਕ ਮਾਹਿਰ ਕਾਊਂਸਲਰ ਵੀ ਪੱਕੇ ਤੌਰ ’ਤੇ ਮੁਹੱਈਆ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਜੋ ਵਿਦਿਆਰਥੀ ਆਪਣੇ ਲਈ ਕਾਊਂਸਲਰ ਦੀ ਸਹੂਲਤ ਲੈਣਾ ਚਾਹੁੰਦੇ ਹਨ, ਉਹ ਸੰਸਥਾ ਦੇ ਟੋਲ ਫ਼ਰੀ ਨੰਬਰ 1800-180-2002 ’ਤੇ ਸੰਪਰਕ ਕਰ ਸਕਦੇ ਹਨ। ਦੱਸਣਯੋਗ ਹੈ ਕਿ ‘10+2 (ਕਾਮਰਸ) ਤੋਂ ਬਾਦ ਕੈਰੀਅਰ ਵਿਕਲਪਾਂ’ ਬਾਰੇ ਇੱਕ ਵਿਸ਼ੇਸ਼ ਵੈਬੀਨਾਰ ਅਗਲੇ ਵੀਰਵਾਰ ਮਿਤੀ 11 ਜੂਨ, 2020 ਨੂੰ ਸ਼ਾਮ 5:30 ਵਜੇ ਹੋਵੇਗਾ। ਵਿਦਿਆਰਥੀ ਬੀ.ਐਫ.ਜੀ.ਆਈ. ਦੇ ਫੇਸਬੁੱਕ ਪੇਜ਼ ਜਾਂ ਵੈੱਬਸਾਈਟ ਦੁਆਰਾ ਇਸ ਵੈਬੀਨਾਰ ਵਿੱਚ ਜੁੜ ਸਕਦੇ ਹਨ।