ਅਸ਼ੋਕ ਵਰਮਾ
ਬਠਿੰਡਾ, 5 ਜੂਨ 2020 - ਭਗਤ ਕਬੀਰ ਜੀ ਦੇ 622ਵੇਂ ਜਨਮ ਦਿਹਾੜੇ ਮੌਕੇ ਉਨਾਂ ਨੂੰ ਆਪਣੇ ਸ਼ਰਧਾ ਸੁਮਨ ਭੇਂਟ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਉਨ੍ਹਾਂ ਦੀ ਬਾਣੀ ਅੱਜ ਵੀ ਸਾਡਾ ਜੀਵਨ ਰਾਹਾਂ ਰੁਸ਼ਨਾ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਭਗਤ ਕਬੀਰ ਜੀ ਵੱਲੋਂ ਮਨੁੱਖਤਾ ਦੀ ਸੇਵਾ, ਸਾਂਤੀ ਅਤੇ ਭਾਈਚਾਰੇ ਦੇ ਦਿੱਤੇ ਸੰਦੇਸ਼ ਨੂੰ ਮੰਨਣ ਦਾ ਅੱਜ ਪ੍ਰਣ ਕਰਾਂਗੇ ਤਾਂ ਇਹੀ ਉਨ੍ਹਾਂ ਪ੍ਰਤੀ ਸਾਡਾ ਸੱਚਾ ਸਤਿਕਾਰ ਹੋਵੇਗਾ। ਉਨ੍ਹਾਂ ‘ਭਗਤੀ ਲਹਿਰ’ ਦੇ ਮਹਾਨ ਸੰਤ ਭਗਤ ਕਬੀਰ ਜੀ ਨੂੰ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਤਗੁਰੂ ਕਬੀਰ ਜੀ ਨੇ ਸਾਨੂੰ ਵਿਸਵ ਸਾਂਤੀ ਤੇ ਭਾਈਚਾਰੇ ਦਾ ਜੋ ਸੰਦੇਸ਼ ਦਿੱਤਾ ਸੀ ਉਸਦੀ ਸਦੀਆਂ ਬੀਤ ਜਾਣ ਬਾਅਦ ਵੀ ਸਾਰਥਕਤਾ ਘਟੀ ਨਹੀਂ ਹੈ ਸਗੋਂ ਅੱਜ ਉਨ੍ਹਾਂ ਦਾ ਸੰਦੇਸ਼ ਹੋਰ ਵਧੇਰੇ ਸਾਰਥਕ ਹੋ ਗਿਆ ਹੈ। ਉਨ ਨੇ ਕਿਹਾ ਕਿ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ, ਉਨ੍ਹਾਂ ਦਾ ਜੀਵਨ ਅਤੇ ਫਿਲਾਸਫੀ ਸਾਡੇ ਜੀਵਨ ਦੀਆਂ ਰਾਹਾਂ ਵਿਚ ਚਾਣਨ ਕਰਨ ਵਾਲੀ ਮਸ਼ਾਲ ਵਾਂਗ ਹੈ।
ਉਨ੍ਹਾਂ ਨੇ ਇਸ ਸੁਭ ਦਿਹਾੜੇ ਤੇ ਲੋਕਾਂ ਨੂੰ ਸੁਭਕਾਮਨਾਵਾਂ ਕਰਦਿਆਂ ਕਿਹਾ ਕਿ ਸਾਨੂੰ ਇਸ ਸਮੇਂ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਕੋਵਿਡ ਸੰਕਟ ਦੇ ਟਾਕਰੇ ਲਈ ਅਤੇ ਮਨੁੱਖਤਾ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰੀਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਕਿੰਨੀ ਖੂਬਸੂਰਤ ਗੱਲ ਹੈ ਕਿ ਭਗਤ ਕਬੀਰ ਜੀ ਦਾ ਆਗਮਨ ਦਿਨ ਅਤੇ ਆਲਮੀ ਵਾਤਾਵਰਨ ਦਿਹਾੜਾ ਇਕੋ ਦਿਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਵਾਤਾਵਰਨ ਦਿਵਸ ਦਾ ਜਿਕਰ ਕਰਦਿਆਂ ਕਿਹਾ ਕਿ ਸਾਡੀ ਹੌਂਦ ਸਾਡੇ ਚੌਗਿਰਦੇ ਤੇ ਨਿਰਭਰ ਕਰਦੀ ਹੈ ਅਤੇ ਇਸ ਲਈ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਚੌਗਿਰਦੇ ਦੀ ਸਾਂਭ ਸੰਭਾਲ ਪ੍ਰਤੀ ਸੁਚੇਤ ਹੁੰਦੇ ਹੋਏ ਆਪਣੇ ਰੋਜਮਰਾਂ ਦੇ ਜੀਵਨ ਵਿਚ ਝਾਤ ਮਾਰੀਏ ਅਤੇ ਯਕੀਨੀ ਬਣਾਈਏ ਕਿ ਸਾਡੀਆਂ ਗਤੀਵਿਧੀਆਂ ਨਾਲ ਵਾਤਾਵਰਨ ਨੂੰ ਘੱਟ ਤੋਂ ਘੱਟ ਨੁਕਸਾਨ ਪੁੱਜੇ।
ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਬਠਿੰਡਾ ਸ਼ਹਿਰ ਦੇ ਬਜਾਰਾਂ ਦਾ ਦੌਰਾ ਕਰਕੇ ਦੁਕਾਨਦਾਰਾਂ ਨਾਲ ਕੋਵਿਡ 19 ਸੰਕਟ ਦੇ ਮੱਦੇਨਜਰ ਪੈਦਾ ਹੋਏ ਹਲਾਤਾਂ ਦੌਰਾਨ ਉਨ੍ਹਾਂ ਨਾਲ ਸਰਕਾਰ ਦੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਉਨਾਂ ਨੂੰ ਭਰੋਸਾ ਦਿੱਤਾ ਕਿ ਇਸ ਮੁਸ਼ਕਿਲ ਦੌਰ ਵਿਚ ਸਰਕਾਰ ਉਨਾਂ ਦੇ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਰਕਾਰ ਵੱਲੋਂ ਮਿਸ਼ਨ ਫਤਿਹ ਲਾਂਚ ਕੀਤਾ ਗਿਆ ਹੈ ਜਿਸ ਦਾ ਉਦੇਸ਼ ਲੋਕਾਂ ਵਿਚ ਇਸ ਬਿਮਾਰੀ ਦਾ ਸਾਹਮਣਾ ਕਰਨ ਲਈ ਹਿੰਮਤ ਪੈਦਾ ਕਰਨਾ ਹੈ ਤਾਂ ਜੋ ਅਸੀਂ ਆਪਣੇ ਕਾਰੋਬਾਰ ਵੀ ਚਲਦੇ ਰੱਖ ਸਕੀਏ ਅਤੇ ਜਰੂਰੀ ਸਾਵਧਾਨੀਆਂ ਰੱਖਦੇ ਹੋਏ ਇਸ ਬਿਮਾਰੀ ਤੋਂ ਆਪਣੇ ਆਪ ਤੇ ਦੂਜਿਆਂ ਨੂੰ ਬਚਾ ਕੇ ਵੀ ਰੱਖ ਸਕੀਏ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਖਿਲਾਫ ਲੜਾਈ ਵਿਚ ਫਤਿਹ ਮਨੁੱਖਤਾ ਦੀ ਹੀ ਹੋਵੇਗੀ। ਉਨ੍ਹਾਂ ਨੇ ਸਮੂਹ ਸ਼ਹਿਰੀਆਂ ਨੂੰ ਮਿਸ਼ਨ ਫਤਿਹ ਨਾਲ ਜੁੜਨ ਦਾ ਸੱਦਾ ਦਿੱਤਾ।
ਇਸ ਦੌਰਾਨ ਉਨ੍ਹਾਂ ਨੇ ਆਰਿਆ ਸਮਾਜ ਚੌਕ ਤੋਂ ਮਹਿਣਾ ਚੌਕ ਮਾਰਕਿਟ, ਅਗਰਵਾਲ ਸਟਰੀਟ ਆਦਿ ਬਾਜਾਰਾਂ ਵਿਚ ਦੁਕਾਨ -ਦੁਕਾਨ ਜਾ ਕੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਮੌਕੇ ਤੇ ਹੀ ਮੁਸਕਿਲਾਂ ਦੇ ਹੱਲ ਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਕੇ ਅਗਰਵਾਲ, ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਸ੍ਰੀ ਪਵਨ ਮਾਨੀ, ਮੋਹਨ ਲਾਲ ਝੂੰਬਾ, ਸ੍ਰੀ ਰਾਜਨ ਗਰਗ ਅਤੇ ਰਾਜੂ ਭੱਠੇਵਾਲਾ ਆਦਿ ਵੀ ਹਾਜਰ ਸਨ।