ਜੀ ਐਸ ਪੰਨੂ
ਪਟਿਆਲਾ, 5 ਜੂੂਨ 2020 - ਪਟਿਆਲਾ ਦੇ ਪਾਤੜਾਂ ਇਲਾਕੇ ਵਿੱਚ ਇੱਕ ਕਲੀਨਿਕ ਗੈਰ ਕਾਨੂੰਨੀ ਤੌਰ 'ਤੇ ਲਿੰਗ ਜਾਂਚ ਕਰਕੇ ਲੋਕਾਂ ਤੋਂ ਮੋਟੀ ਰਕਮ ਵਸੂਲ ਕਰ ਰਿਹਾ ਸੀ ਜਿਸ ਦਾ ਪਰਦਾਫਾਸ਼ ਕਰਨ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਵੱਲੋ ਸਟੇਟ ਤੋਂ ਬਣਾਈ ਟੀਮ ਜਿਸ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਕਰਨ ਸਾਗਰ ਅਤੇ ਜ਼ਿਲ੍ਹਾ ਤਰਨਤਾਰਨ ਦੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸੁਮੀਤ ਸਿੰਘ ਸ਼ਾਮਲ ਸਨ ਨੂੰ ਪਟਿਆਲਾ -ਪਾਤੜਾਂ ਰੋਡ 'ਤੇ ਸਥਿਤ ਪਟਿਆਲਾ ਹਸਪਤਾਲ ਤੇ ਸਟਿੰਗ ਓਪਰੇਸ਼ਨ ਕਰਨ ਲਈ ਭੇਜਿਆ ਗਿਆ।
ਜਿਸ ਦੀ ਸੂਚਨਾ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਸਿਵਲ ਸਰਜਨ,ਪਟਿਆਲਾ ਨੂੰ ਮਿਲਣ ਤੇ ਉਨ੍ਹਾਂ ਵੱਲੋਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ:ਜਤਿੰਦਰ ਕਾਂਸਲ ਦੀ ਅਗਵਾਈ ਵਿੱਚ ਟੀਮ ਬਣਾ ਟੀਮ ਨੂੰ ਮੌਕੇ 'ਤੇ ਪਾਤੜਾਂ ਵਿਖੇ ਭੇਜਿਆ। ਡਾ.ਮਲਹੋਤਰਾ ਨੇ ਦੱਸਿਆਂ ਕਿ ਕੀਤੀ ਗਈ ਸਾਂਝੀ ਰੇਡ ਵਿੱਚ ਹਸਪਤਾਲ ਦੇ ਮਾਲਕ ਵੱਲੋ ਲਿੰਗ ਜਾਂਚ ਕਰਨ ਬਦਲੇ ਫਰਜੀ ਮਰੀਜ਼ ਤੋਂ ਲਏ 25,000/-ਰੁਪਏ ਵਿਚੋਂ 7,000/-ਰੂਪੇ ਜੋ ਕਿ ਨੰਬਰੀ ਨੋਟ ਸਨ ਏਜੰਟ ਤੋਂ ਮੌਕੇ 'ਤੇ ਟੀਮ ਵੱਲੋ ਬਰਾਮਦ ਕਰ ਲਏ ਗਏ ਜਦ ਕਿ ਲਿੰਗ ਜਾਂਚ ਕਰਨ ਵਾਲੀ ਮਹਿਲਾ ਡਾਕਟਰ ਅਲਟਰਾਸਾਉਂਡ ਮਸ਼ੀਨ ਅਤੇ ਪੈਸੇ ਲੈਕੇ ਮੋਕੇ ਤੋਂ ਫਰਾਰ ਹੋ ਗਈ।
ਉਨ੍ਹਾਂ ਦੱਸਿਆਂ ਕਿ ਟੀਮ ਵੱਲੋ ਹਸਪਤਾਲ ਦੀ ਮੌਕੇ ਤੇ ਕੀਤੀ ਗਈ ਪੜਤਾਲ ਦੌਰਾਨ ਹਸਪਤਾਲ ਵਿਚੋਂ ਗੈਰ ਕਾਨੂੰਨੀ ਗਰਭਪਾਤ ਕਰਨ ਦੇ ਔਜਾਰ ਪ੍ਰਾਪਤ ਹੋਏ ਅਤੇ ਇਸ ਤੋਂ ਇਲਾਵਾ ਨਸ਼ੇ ਦੇ ਤੌਰ 'ਤੇ ਵਰਤੀਆ ਜਾਣ ਵਾਲੀਆਂ 1170 ਗੋਲੀਆਂ ਟਰੈਮਾਡੋਲ ਵੀ ਮੌਕੇ 'ਤੇ ਟੀਮ ਵਲੋਂ ਬਰਾਮਦ ਕੀਤੀਆ ਗਈਆਂ, ਜੋ ਕਿ ਸਬੰਧਤ ਥਾਣਾ ਪਾਤੜਾਂ ਦੇ ਹਵਾਲੇ ਕਰਕੇ ਪੁਲਿਸ ਨੂੰ ਹਸਪਤਾਲ ਦੇ ਮਾਲਕ ,ਉਸਦੀ ਪਤਨੀ ਅਤੇ ਏਜੰਟ ਖਿਲਾਫ ਪੀ.ਐਨ.ਡੀ.ਟੀ. ਐਕਟ ਅਤੇ ਐਨ.ਡੀ.ਪੀ.ਐਸ. ਤਹਿਤ ਮੁਕੱਦਮਾ ਦਰਜ ਕਰਨ ਅਤੇ ਬਾਕੀ ਰਹਿੰਦੀ ਮਸ਼ੀਨ ਤੇ ਕਰੰਸੀ ਦੀ ਬਰਾਮਦਗੀ ਲਈ ਲਿਖ ਦਿੱਤਾ ਗਿਆ ਹੈ।