ਅਸ਼ੋਕ ਵਰਮਾ
ਮਾਨਸਾ, 6 ਜੂਨ 2020 - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਜ਼ਿਲਾ ਮਾਨਸਾ ’ਚ ਅਣ-ਅਧਿਕਾਰਤ ਆਵਾਜ਼ੀ ਪ੍ਰਦੂਸ਼ਣ ਵਾਲੇ ਯੰਤਰਾਂ ਦੀ ਵਰਤੋਂ ਤੇ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਕਿਹਾ ਕਿ ਜਿਸ ਵੀ ਮੈਰਿਜ ਪੈਲੇਸ, ਰੈਸਟੋਰੈਂਟ ਜਾਂ ਆਮ ਪਬਲਿਕ ਨੇ ਲਾਊਡ ਸਪੀਕਰ ਲਗਾਉਣਾ ਹੋਵੇਗਾ, ਉਹ ਵੱਖਰੇ ਤੌਰ ਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਪ੍ਰਵਾਨਗੀ ਲੈਣਗੇ, ਪ੍ਰੰਤੂ ਇਸ ਪ੍ਰਵਾਨਗੀ ਦਾ ਭਾਵ ਕਿਸੇ ਵੀ ਤਰਾਂ ਆਮ ਪਬਲਿਕ ਦੀ ਸ਼ਾਂਤੀ ਨੂੰ ਭੰਗ ਕਰਨਾ ਨਹੀਂ ਹੋਵੇਗਾ।
ਉਨਾਂ ਕਿਹਾ ਕਿ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਮਾਗਮਾਂ ਦੌਰਾਨ ਲਾਊਡ ਸਪੀਕਰਜ਼, ਆਰਕੈਸਟਰਾ ਅਤੇ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਦੇ ਫਲਸਰੂਪ ਆਮ ਲੋਕਾਂ, ਮਾਨਸਿਕ ਰੋਗੀਆਂ ਅਤੇ ਬੱਚਿਆਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਅਤੇ ਬੱਚਿਆਂ ਦੀ ਪੜਾਈ ਵੀ ਪ੍ਰਭਾਵਿਤ ਹੁੰਦੀ ਹੈ। ਪੰਜਾਬ ਇੰਸਟਰੂਮੈਂਟ (ਕੰਟਰੋਲ ਆਫ ਨੋਆਇਜ਼) ਐਕਟ 1956 ਅਨੁਸਾਰ ਕੋਈ ਵੀ ਵਿਅਕਤੀ ਬਿਨਾਂ ਪੂਰਵ ਪ੍ਰਵਾਨਗੀ ਲਾਊਡ ਸਪੀਕਰ ਜਾਂ ਆਵਾਜ਼ੀ ਯੰਤਰਾਂ ਦੀ ਵਰਤੋਂ ਨਹੀਂ ਕਰ ਸਕਦਾ।
ਡਿਸਪੋਜ਼ਲ ਸਾਮਾਨ ਸੁੱਟਣ 'ਤੇ ਪਾਬੰਦੀ
ਜ਼ਿਲਾ ਮੈਜਿਸਟਰੇਟ ਨੇ ਜ਼ਿਲਾ ਮਾਨਸਾ ਦੀਆਂ ਸੀਮਾਵਾਂ ਅੰਦਰ ਭੰਡਾਰੇ, ਲੰਗਰ, ਮੈਰਿਜ ਪੈਲੇਸਾਂ, ਰੈਸਟੋਰੈਂਟ ਅਤੇ ਢਾਬਿਆਂ ਵਾਲੀਆਂ ਥਾਵਾਂ ਤੇ ਪਲਾਸਟਿਕ, ਥਰਮੋਕੋਲ ਦੇ ਬਰਤਨ ਦਾ ਇਸਤੇਮਾਲ ਕਰਨ ਅਤੇ ਆਮ ਪਬਲਿਕ ਥਾਵਾਂ ਤੇ ਡਿਸਪੋਜ਼ਲ ਸਾਮਾਨ ਨੂੰ ਡੰਪ ਕਰਨ ਤੇ ਪੂਰਣ ਤੌਰ ਤੇ ਪਾਬੰਦੀ ਲਗਾਈ ਹੈ। ਉਨਾਂ ਕਿਹਾ ਕਿ ਸਮਾਗਮ ਦੇ ਖਤਮ ਹੋਣ ਤੋਂ ਬਾਅਦ ਵਰਤੀਆਂ ਹੋਈਆਂ ਪਲਾਸਟਿਕ, ਥਰਮੋਕੋਲ ਦੀਆਂ ਡਿਸਪੋਜ਼ਲ ਪਲੇਟਾਂ, ਬੋਤਲਾਂ, ਚਮਚੇ ਅਤੇ ਗਲਾਸ ਆਦਿ ਉੱਥੇ ਜਾਂ ਕਿਸੇ ਵੀ ਪਬਲਿਕ ਪਲੇਸ ਵਾਲੀ ਥਾਂ ਤੇ ਡੰਪ ਕਰ ਦਿੱਤੇ ਜਾਂਦੇ ਹਨ, ਜਿੱਥੇ ਆਵਾਰਾ ਪਸ਼ੂ ਉਨਾਂ ਪਲੇਟਾਂ ਵਿਚ ਪਏ ਸਾਮਨ ਨੂੰ ਖਾਣ ਦੇ ਨਾਲ-ਨਾਲ ਡਿਸਪੋਜ਼ਲ ਸਮਾਨ ਨੂੰ ਵੀ ਖਾਕੇ ਬਿਮਾਰ ਹੋ ਜਾਂਦੇ ਹਨ। ਇਹ ਡਿਸਪੋਜ਼ਲ ਸਮਾਨ ਸੀਵਰੇਜ ਆਦਿ ਵਿਚ ਫਸ ਜਾਣ ਕਾਰਨ ਸੀਵਰੇਜ ਬੰਦ ਹੋਣ ਕਰਕੇ ਗੰਦਾ ਪਾਣੀ ਸੜਕਾਂ, ਗਲੀਆਂ ਵਿਚ ਆ ਜਾਂਦਾ ਹੈ। ਇਸ ਨਾਲ ਮਨੁੱਖੀ ਜੀਵਨ ਅਤੇ ਸਰਕਾਰੀ, ਗੈਰ ਸਰਕਾਰੀ ਸੰਪਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ ਅਤੇ ਲੋਕ ਸ਼ਾਂਤੀ ਭੰਗ ਹੋ ਸਕਦੀ ਹੈ। ਇਸ ਲਈ ਇਸ ਦੀ ਰੋਕਥਾਮ ਜਰੂਰੀ ਹੈ। ਜਿਲਾ ਮੈਜਿਸਟਰੇਟ ਨੇ ਦੱਸਿਆ ਕਿ ਇਹ ਪਾਬੰਦੀਆਂ 31 ਜੁਲਾਈ 2020 ਤੱਕ ਲਾਗੂ ਰਹਿਣਗੀਆਂ।