ਅਸ਼ੋਕ ਵਰਮਾ
ਬਠਿੰਡਾ, 6 ਜੂਨ 2020 - ਜੈ ਸਿੰਘ ਵਾਲਾ ਜਬਰ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਨੌਜਵਾਨ ਭਾਰਤ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਪੀੜਤ ਪਰਿਵਾਰ ਦੀ ਮੀਟਿੰਗ ਪਿੰਡ ਜੈ ਸਿੰਘ ਵਾਲਾ ਵਿਖੇ ਹੋਈ। ਜਿਸ ਵਿੱਚ ਪੁਲਿਸ ਦੀ ਢਿੱਲੀ ਅਤੇ ਪੱਖਪਾਤੀ ਕਾਰਵਾਈ ਦੇ ਖ਼ਿਲਾਫ 8 ਜੂਨ ਨੂੰ 36 ਘੰਟੇ ਥਾਣਾ ਸੰਗਤ ਦੇ ਘਿਰਾਓ ਦਾ ਐਲਾਨ ਕੀਤਾ ਗਿਆ। ਨੌਜਵਾਨ ਭਾਰਤ ਸਭਾ ਦੇ ਜਸਕਰਨ ਕੋਟਗੁਰੂ ਨੇ ਦੱਸਿਆ ਕਿ 28 ਮਈ ਨੂੰ ਜੈ ਸਿੰਘ ਵਾਲਾ ਪਿੰਡ ਦੇ ਜਿਮੀਦਰਾਂ ਨੇ ਆਪਣੇ ਸੀਰੀ ਕੁਲਦੀਪ ਸਿੰਘ ਨੂੰ ਘਰੋਂ ਕਥਿਤ ਅਗਵਾ ਕਰ ਲਿਆ ਅਤੇ ਕੁੱਟਮਾਰ ਕਰਕੇ ਚੋਰੀ ਦਾ ਝੂਠਾ ਇਲਜਾਮ ਲਾਉਣ ਮਗਰੋਂ ਪੁਲਿਸ ਨੂੰ ਸੌਂਪ ਦਿੱਤਾ ਜਿਸ ਨੇ 4 ਦਿਨ ਲੜਕੇ ਨੂੰ ਹਿਰਾਸਤ ਵਿੱਚ ਰੱਖਿਆ ਅਤੇ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ 31 ਮਈ ਨੂੰ ਕੁਲਦੀਪ ਸਿੰਘ ਦੀ ਥਾਣਾ ਸੰਗਤ ਵਿਖੇ ਹੋਣ ਦੀ ਭਿਣਕ ਮਿਲਦਿਆਂ ਪਰਿਵਾਰ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਗਤ ਥਾਣੇ ਅੱਗੇ ਧਰਨਾ ਦਿੱਛਾ ਅਤੇ ਮੁੰਡੇ ਨੂੰ ਬਰਾਮਦ ਕਰਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਜਿਸ ਦੇ ਅਧਾਰ 'ਤੇ ਪੁਲਿਸ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਨਰਮ ਧਰਾਵਾਂ ਲਾ ਕੇ ਸਿਰਫ ਖਾਨਾਪੂਰਤੀ ਲਈ ਪਰਚਾ ਦਰਜ਼ ਕਰਨ ਖਿਲਾਫ ਜਥੇਬੰਦੀਆਂ ਨੇ 4 ਜੂਨ ਨੂੰ ਥਾਣਾ ਸੰਗਤ ਅੱਗੇ ਧਰਨਾ ਲਾਇਆ ਤਾਂ ਪਰਚੇ ਵਿੱਚ ਅਗਵਾ ਅਤੇ ਐਸਸੀਐਸਟੀ ਐਕਟ ਤਹਿਤ ਧਰਾਵਾਂ ਵਿੱਚ ਵਾਧਾ ਕਰ ਲਿਆ ਗਿਆ। ਧਰਨੇ ਵਿੱਚ ਆ ਕੇ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਮੁਲਜਮਾਂ ਨੂੰ ਜਲਦੀ ਗਿ੍ਰਫਤਾਰ ਕਰ ਲਿਆ ਜਾਵੇਗਾ ਪਰੰਤੂ 48 ਘੰਟੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਗਿ੍ਰਫਤਾਰੀ ਨਹੀਂ ਕੀਤੀ ਹੈ।
ਆਗੂਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਚਾ ਦਰਜ ਕਰਨ ਦੇ ਬਾਵਜੂਦ ਮੁਲਜ਼ਮਾਂ ਬੇਖੌਫ ਘੁੰਮ ਰਹੇ ਹਨ ਅਤੇ ਪੀੜਤ ਪਰਿਵਾਰ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਜਥੇਬੰਦਕ ਆਗੂਆਂ ਨੂੰ ਗੈਂਗਸਟਰਾਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਦਿਵਾਈਆਂ ਜਾ ਰਹੀਆਂ ਹਨ। ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਰਿਵਾਰ ਨੂੰ ਇਨਸਾਫ ਦਵਾਉਣ ਅਤੇ ਚਾਰੇ ਨਾਮਜਦ ਵਿਅਕਤੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਲੋਕ 8 ਜੂਨ ਨੂੰ ਸੰਗਤ ਥਾਣੇ ਦੇ ਘਿਰਾਓ ਵਿੱਚ ਪਹੁੰਚਣ ਤਾਂ ਜੋ ਅੱਗੇ ਤੋਂ ਇਸ ਤਰਾਂ ਦੀਆਂ ਜ਼ਬਰ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।ਇਸ ਮੀਟਿੰਗ ਵਿੱਚ ਅਸ਼ਵਨੀ ਕੁਮਾਰ, ਰਾਮ ਕੋਟਗੁਰੂ ਅਤੇ ਮਹਿੰਗਾ ਸਿੰਘ ਬਾਂਡੀ ਆਦਿ ਸ਼ਾਮਿਲ ਸਨ।