ਅਸ਼ੋਕ ਵਰਮਾ
ਬਠਿੰਡਾ, 6 ਜੂਨ 2020 - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਦੇਵ ਸਿੰਘ ਸਦੋਹਾ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਕਿਸਾਨ ਮਹਾਂ ਸੰਘ ਦੇ ਸੱਦੇ ਤੇ ਸੰਘਰਸ਼ਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਬਾਅਦ ’ਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ।
ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ, ਜੋਧ ਸਿੰਘ ਨੰਗਲਾ ਅਤੇ ਮੁਖਤਿਆਰ ਸਿੰਘ ਕੁੱਬੇ ਨੇ ਦੱਸਿਆ ਕਿ ਮੰਗ ਕੀਤੀ ਗਈ ਹੈ ਕਿ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਿਸਾਂ ਅਨੁਸਾਰ ਫਸਲ ਦਾ ਭਾਅ ਦੇਣਾ ਨਿਸਚਿਤ ਕੀਤਾ ਜਾਵੇ ਤੇ ਖੁਦਕਸ਼ੀ ਪੀੜਤ ਕਿਸਾਨਾਂ ਦਾ ਕਰਜਾ ਮੁਆਫ ਕਰਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਏ।
ਉਨ੍ਹਾਂ ਦੱਸਿਆ ਕਿ ਬਿਜਲੀ ਬਿੱਲ 2020 ਨੂੰ ਰੱਦ ਕਰਨ ਬਿਜਲੀ ਰੇਟਾਂ ’ਚ ਵਾਧਾ ਵਾਪਿਸ ਲੈਣ,ਮੰਡੀ ਐਕਟ 2020 ਦੀਆਂ ਨਵੀਆਂ ਤਜਵੀਜਾਂ ਰੱਦ ਕਰਨ ਅਤੇ ਫਸਲਾਂ ਦੀ ਖਰੀਦ ਵੇਚ ਸਬੰਧੀ ਬਣਾਏ ਨਿਯਮ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਸਮੇਂ ਵਿੱਚ ਮੋਦੀ ਸਰਕਾਰ ਖੇਤੀਬਾੜੀ ਸੁਧਾਰ ਬਿੱਲ ਦੇ ਨਾਂਮ ਤੇ ਆਰਡੀਨੈਂਸ ਜਾਰੀ ਕਰਕੇ ਖੇਤੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਕਬਜੇ ਹੇਠ ਲਿਆ ਕੇ ਕਿਸਾਨਾਂ ਦੀ ਲੁੱਟ-ਖਸੁੱਟ ਕਰਨ ਦੀ ਖੁੱਲ ਦੇਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਲਾਕਡਾਊਨ ਦੀ ਆੜ ਵਿਚ ਕਿਸਾਨਾਂ ਤੇ ਕੁਹਾੜਾ ਚਲਾ ਰਹੀ ਹੈ,ਜੋਂ ਚੱਲਣ ਨਹੀਂ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਇਹ ਨੀਤੀਆਂ ਰੱਦ ਨਾ ਕੀਤੀਆਂ ਤਾਂ ਕਿਸਾਨ ਸੰਘਰਸ਼ ਕਰਨਗੇ ਜਿਸ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜਿੰਮੇਵਾਰ ਹੋਣਗੀਆਂ। ਇਸ ਮੌਕੇ ਰਣਜੀਤ ਸਿੰਘ ਜੀਦਾ, ਗੁਰਮੇਲ ਸਿੰਘ ਲਹਿਰਾਂ, ਕੁਲਵੰਤ ਸਿੰਘ ਨਹਿਆ ਵਾਲਾ , ਪਰਵਿੰਦਰ ਸਿੰਘ ਗਹਿਰੀ, ਮਹਿਮਾ ਸਿੰਘ ਚੱਠੇਵਾਲਾ, ਜਬਰਜੰਗ ਪੱਕਾ ਕਲਾਂ ਬੂਟਾ ਸਿੰਘ ਜੋਧਪੁਰ, ਅੰਗਰੇਜ ਸਿੰਘ ਕਲਿਆਣ, ਕਰਮ ਸਿੰਘ ਮੰਡੀਕਲਾਂ ਅਤੇ ਸੁਖਦੇਵ ਸਿੰਘ ਫੂਲ ਆਦਿ ਆਗੂ ਹਾਜਰ ਸਨ।