ਅਸ਼ੋਕ ਵਰਮਾ
ਬਠਿੰਡਾ, 6 ਜੂਨ 2020 - ਅੱਜ ਸਿਵਲ ਹਸਪਤਾਲ ਗੋਨਿਆਣਾ ਵਿਖੇ ਕੋਰੋਨਾ ਵਾਇਰਸ ਦੀ ਜਾਂਚ ਸਬੰਧੀ ਸੈਂਪਲ ਲੈਣ ਦੀ ਸ਼ੁਰੂਆਤ ਕੀਤੀ ਗਈ ਹੈ। ਸੀਨੀਅਰ ਮੈਡੀਕਲ ਅਫ਼ਸਰ ਗੋਨਿਆਣਾ ਡਾ. ਅਨਿਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਿਵਲ ਹਸਪਤਾਲ ਗੋਨਿਆਣਾ ਵਿਖੇ 18 ਸਟਾਫ਼ ਮੈਂਬਰਾਂ ਅਤੇ 6 ਗਰਭਵਤੀ ਔਰਤਾਂ ਦੇ ਕੋਰੋਨਾ ਵਾਇਰਸ ਸਬੰਧੀ ਸੈਂਪਲ ਲਏ ਗਏ, ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿਖੇ ਭੇਜਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਹਤ ਕਰਮਚਾਰੀਆਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਸਫ਼ਾਈ ਕਰਮਚਾਰੀਆਂ, ਪੁਲਿਸ ਮੁਲਾਜਮ, ਫਰੰਟ ਲਾਈਨ ਵਰਕਰ, ਅਪਰੇਸ਼ਨ ਵਾਲੇ ਮਰੀਜ਼ਾਂ, ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਨਜ਼ਦੀਕੀ, ਗਰਭਵਤੀ ਔਰਤਾਂ, ਇੰਟਰਨੈਸ਼ਨਲ ਅਤੇ ਘਰੈਲੂ ਯਾਤਰੀ, ਪੁਲਿਸ ਵੱਲੋਂ ਫੜੇ ਮੁਜ਼ਰਮਾਂ, ਹਸਪਤਾਲ ਦੇ ਮਰੀਜ਼ਾਂ ਅਤੇ ਸਲੱਮ ਏਰੀਆ ਵਿੱਚ ਕੰਮ ਕਰਨ ਅਤੇ ਰਹਿਣ ਵਾਲੇ ਵਿਅਕਤੀਆਂ ਦੇ ਕਰੋਨਾ ਦੀ ਜਾਂਚ ਸਬੰਧੀ ਸੈਂਪਲ ਲਏ ਜਾਣੇ ਹਨ ਜੋ ਅੱਗੇ ਲੈਬਰਾਟਰੀ ਵਿਖੇ ਭੇਜੇ ਜਾਣਗੇ ।
ਸਿਵਲ ਹਸਪਤਾਲ ਗੋਨਿਆਣਾ ’ਚ ਡਾ. ਲਵਦੀਪ ਸਿੰਘ ਨੇ ਇਹ ਸੈਂਪਲ ਲਏ ਜਦੋਂਕਿ ਟੀਮ ਮੈਂਬਰ ਜਸਪ੍ਰੀਤ ਸਿੰਘ(ਫਾਰਮਾਸਿਸਟ), ਜਸਵਿੰਦਰ ਕੌਰ (ਸੀ.ਐਚ.ੳ.), ਰੁਪਿੰਦਰ ਕੌਰ (ਸੀ.ਐਚ.ੳ.), ਪਿ੍ਰਤਪਾਲ ਕੌਰ (ਸਟਾਫ ਨਰਸ), ਵਰਿੰਦਰ ਸਿੰਘ (ਉਪਵੈਦ) ਅਤੇ ਅਮਨਿੰਦਰ ਕੌਰ (ਉਪਵੈਦ) ਨੇ ਉਨਾਂ ਨੂੰ ਸਹਿਯੋਗ ਦਿੱਤਾ ਹੈ। ਉਨਾਂ ਦੱਸਿਆ ਕਿ ਸਿਹਤ ਬਲਾਕ ਗੋਨਿਆਣਾ ਦੇ 70 ਪਿੰਡਾਂ ਵਿੱਚ ਸਿਹਤ ਵਿਭਾਗ ਦੇ ਮਲਟੀਪਰਪਜ਼ ਹੈਲਥ ਵਰਕਰ ਸੁਪਰਵਾਈਜਰ, ਸੀ.ਐਚ.ੳਜ਼, ਮਪਹਵ ਮੇਲ ਫੀਮੇਲ, ਆਸ਼ਾ ਵਰਕਰਾਂ ਵੱਲੋਂ ਪਿਛਲੇ ਕੁੱਝ ਮਹੀਨਿਆਂ ਤੋਂ ਬਤੌਰ ਰੈਪਿਡ ਰਿਸਪਾਂਸ ਟੀਮ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਲਖਵਿੰਦਰ ਸਿੰਘ ਬਲਾਕ ਐਜੂਕੇਟਰ ਦੁਆਰਾ ਪਿੰਡਾਂ ਵਿੱਚ ਆਮ ਲੋਕਾਂ ਨੂੰ ਕਰੋਨਾ ਸਬੰਧੀ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਹਦਾਇਤਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।