ਸੰਜੀਵ ਸੂਦ
- ਕਾਲੇ ਦੌਰ ਤੇ ਬਹਿਸ ਦੀ ਲੋੜ, ਬੀਜ ਘੁਟਾਲੇ 'ਤੇ ਵੀ ਦਿੱਤੀ ਸਫਾਈ
- ਕੇਂਦਰ ਸਰਕਾਰ ਵੱਲੋਂ ਖੇਤੀ-ਤੇਲਿਆਂ ਦੇ ਆਰਡੀਨੈਂਸ ਨੂੰ ਬੈਂਸ ਨੇ ਸੂਬਾ ਵਿਰੋਧੀ ਕਰਾਰ ਦਿੱਤਾ
ਲੁਧਿਆਣਾ, 6 ਜੂਨ 2020 - ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਖੇਤਰ ਦੇ ਵਿੱਚ ਲਿਆਂਦੇ ਗਏ ਨਵੇਂ ਆਰਡੀਨੈਂਸ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਸੂਬੇ ਦੀਆਂ ਸ਼ਕਤੀਆਂ ਖ਼ਤਮ ਕਰਨ ਦੀ ਮੋਦੀ ਸਰਕਾਰ ਵੱਲੋਂ ਇਹ ਸਾਜ਼ਿਸ਼ ਰਚੀ ਗਈ ਹੈ ਕਿਉਂਕਿ ਖੇਤੀ ਸੂਬਾ ਸਰਕਾਰ ਦਾ ਮਹਿਕਮਾ ਹੈ ਉਸ ਨੂੰ ਕੇਂਦਰ ਆਪਣੇ ਅਧੀਨ ਨਹੀਂ ਕਰ ਸਕਦੀ।
ਸਿਮਰਜੀਤ ਬੈਂਸ ਨੇ ਕਿਹਾ ਕਿ ਅੱਜ ਕੋਰ ਕਮੇਟੀ ਲੋਕ ਇਨਸਾਫ ਪਾਰਟੀ ਦੀ ਬੈਠਕ ਹੋਈ ਹੈ, ਜਿਸ ਵਿਚ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਆਰਡੀਨੈਂਸ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸੂਬਾ ਵਿਰੋਧੀ ਲੋਕ ਇਨਸਾਫ਼ ਪਾਰਟੀ ਨੇ ਐਲਾਨ ਦਿੱਤਾ ਅਤੇ ਕੇਂਦਰ ਸਰਕਾਰ ਦੀ ਮਨਸ਼ਾ ਜੱਗ ਜ਼ਾਹਿਰ ਕਰ ਦਿੱਤੀ ਹੈ ਕਿ ਉਹ ਸੂਬਿਆਂ ਦੇ ਹੱਕ ਖ਼ਤਮ ਕਰਨ ਲਈ ਇਹ ਆਰਡੀਨੈਂਸ ਲਿਆ ਰਹੀ ਹੈ ਕਿਉਂਕਿ ਇਸ ਦੇ ਅਧੀਨ ਇੱਕ ਦੇਸ਼ ਇੱਕ ਮੰਡੀ ਦੀ ਗੱਲ ਕਹੀ ਗਈ ਹੈ।
ਉੱਧਰ ਦੂਜੇ ਪਾਸੇ ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਇਸ 'ਤੇ ਕੋਈ ਵਿਵਾਦਿਤ ਬਿਆਨ ਨਹੀਂ ਦੇਣਾ ਚਾਹੁੰਦੇ। ਪਰ ਇਸ ਮਾਮਲੇ ਤੇ ਬਹਿਸ ਹੋਣੀ ਚਾਹੀਦੀ ਹੈ ਸਾਰੇ ਵਿਦਵਾਨਾਂ ਨੂੰ ਇਸ 'ਤੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਅਤੇ ਕਾਲਾ ਦੌਰ ਪੰਜਾਬ 'ਤੇ ਕਿਉਂ ਆਇਆ ਕਿਉਂ ਪੰਜਾਬ ਕਰਜ਼ਾਈ ਹੋਇਆ। ਇਸ 'ਤੇ ਸੋਚ ਵਿਚਾਰ ਹੋਣਾ ਚਾਹੀਦਾ ਹੈ, ਨਾਲ ਹੀ ਬੀਜ ਘੋਟਾਲੇ ਨੂੰ ਲੈ ਕੇ ਉਨ੍ਹਾਂ ਮੁੜ ਆਪਣੀ ਸਫਾਈ ਦਿੰਦਿਆਂ ਕਿਹਾ ਕਿ ਬੀਜ ਘੁਟਾਲਾ ਸਭ ਤੋਂ ਪਹਿਲਾਂ ਲੋਕ ਇੰਸਾਫ ਪਾਰਟੀ ਨੇ ਉਜਾਗਰ ਕੀਤਾ ਸੀ ਅਤੇ ਜੋ ਕੋਈ ਵੀ ਇਸ ਵਿੱਚ ਸ਼ਾਮਿਲ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਤੋਂ ਸਬੰਧਤ ਹੋਵੇ ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।