← ਪਿਛੇ ਪਰਤੋ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 06 ਜੂਨ : ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਮਿਸ਼ਨ ਫਤਿਹ ਸ਼ੁਰੂ ਕੀਤਾ ਗਿਆ ਹੈ ਅਤੇ ਇਸੇ ਮਿਸ਼ਨ ਤਹਿਤ ਅੱਜ ਸਰਹਿੰਦ ਦੇ ਵਾਰਡ ਨੰ: 8 ਸਮੇਤ ਹਲਕੇ ਦੇ ਵੱਖ ਵੱਖ ਖੇਤਰਾਂ ਵਿਖੇ ਲੋਕਾਂ ਦੀ ਇਮਿਊਨਿਟੀ ਵਧਾਉਣ ਲਈ ਹੋਮਿਊਪੈਥਿਕ ਦੀ ਦਵਾਈ ਵੰਡੀ ਗਈ ਤਾਂ ਜੋ ਕੋਵਿਡ-19 ਵਰਗੀ ਮਹਾਂਮਾਰੀ ਤੋਂ ਬਚਾਅ ਹੋ ਸਕੇ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਲੋਕਾਂ ਦੀ ਇਮਿਊਨਿਟੀ ਵਧਾਉਣ ਲਈ ਹੋਮਿਓਪੈਥਿਕ ਦੀ ਦਵਾਈ ਵੰਡੀ ਜਾ ਰਹੀ ਹੈ। ਵਿਧਾਇਕ ਨਾਗਰਾ ਨੇ ਕਿਹਾ ਕਿ ਹੋਮਿਓਪੈਥੀ ਦੀ ਇਸ ਦਵਾਈ ਨਾਲ ਮਨੁੱਖ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਧਦੀ ਹੈ ਅਤੇ ਇਮਿਊਨਿਟੀ ਵੱਧਣ ਨਾਲ ਮਨੁੱਖ ਕੋਰੋਨਾ ਵਰਗੀ ਖਤਰਨਾਕ ਬਿਮਾਰੀ ਦਾ ਟਾਕਰਾ ਵੀ ਕਰ ਸਕਦਾ ਹੈ। ਇਹ ਦਵਾਈ ਵਾਰਡ ਨੰਬਰ 8 ਵਿੱਚ ਐਚ.ਐਮ.ਓ. ਡਾ. ਮਨਵਿੰਦਰ ਕੌਰ ਤੇ ਨਰਿੰਦਰ ਕੁਮਾਰ ਪ੍ਰਿੰਸ ਨੇ ਘਰ-ਘਰ ਤੱਕ ਪਹੁੰਚ ਕਰ ਕੇ ਵੰਡੀ। ਸ. ਨਾਗਰਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਮੂੰਹ ’ਤੇ ਮਾਸਕ ਜਰੂਰ ਲਗਾਇਆ ਜਾਵੇ ਅਤੇ ਸਮਾਜਿਕ ਵਿੱਥ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਜਾਵੇ ।
Total Responses : 189