ਹਰਦਮ ਮਾਨ
ਸਰੀ, 6 ਜੂਨ 2020 - ਬੀ.ਸੀ. ਦੀ ਪਬਲਿਕ ਹੈਲਥ ਅਫਸਰ ਡਾ. ਬੋਨੀ ਹੈਨਰੀ ਨੇ ਜੂਨ ਦੇ ਅੱਧ ਤੱਕ ਹੋਰ ਢਿੱਲ ਦੇਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨਵੇਂ ਜਾਰੀ ਕੀਤੇ ਗਏ ਮਾਡਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ, ਅੰਕੜਿਆਂ ਅਨੁਸਾਰ ਬ੍ਰਿਟਿਸ਼ ਕੋਲੰਬੀਆਂ ਦੇ ਹਾਲਾਤ ਇਸ ਸਮੇਂ ਬਾਕੀ ਕਈ ਸੂਬਿਆਂ ਤੋਂ ਬਿਹਤਰ ਹਨ ਅਤੇ ਇਥੇ 50% ਲੋਕ ਆਪਣੇ ਕੰਮ-ਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਜੇਕਰ ਲੋਕ ਇਸੇ ਤਰ੍ਹਾਂ ਆਪਸੀ ਦੂਰੀ ਰੱਖ ਕੇ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਦੇ ਰਹਿਣ ਤਾਂ ਨਵੇਂ ਮਾਡਲ ਅਨੁਸਾਰ ਜੁਲਾਈ ਤੱਕ ਸੂਬੇ ਨੂੰ ਕੋਰੋਨਾਵਾਇਰਸ ਤੋਂ ਮੁਕਤ ਕਰ ਸਕਦੇ ਹਾਂ।
ਡਾ. ਹੈਨਰੀ ਨੇ ਕਿਹਾ ਸੂਬਾ ਸਰਕਾਰ ਵਲੋਂ ਜੂਨ ਦੇ ਅੱਧ ਤੱਕ ਅਗਲੇ ਪੜਾਅ ਤਹਿਤ ਅਰਥਵਿਵਸਥਾ ਮੁੜ ਖੋਲ੍ਹਣ ਅਤੇ ਹੋਰ ਛੋਟਾਂ ਦੇਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਸੂਬੇ ਵਿਚ ਸਿਰਫ਼ ਕੋਰੋਨਾਵਾਇਰਸ ਦਾ ਸਿਰਫ ਇਕ ਕੇਸ ਹੀ ਆਇਆ ਸੀ ਅਤੇ ਇਕ ਮੌਤ ਦਰਜ ਕੀਤੀ ਗਈ ਸੀ, ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ ਵੀ ਪਿਛਲੇ 11 ਹਫ਼ਤਿਆਂ ‘ਚੋਂ ਇਸ ਸਮੇਂ ਸਭ ਤੋਂ ਘੱਟ ਹੈ।
ਇਸੇ ਦੌਰਾਨ ਪ੍ਰੀਮੀਅਰ ਜੌਹਨ ਹੌਰਗਨ ਨੇ ਕਿਹਾ ਹੈ ਕਿ ਜੂਨ ਦੇ ਅੱਧ ਤੱਕ ਅਰਥਵਿਵਸਥਾ ‘ਤੇ ਲੱਗੀਆਂ ਪਾਬੰਦੀਆਂ ਨੂੰ ਹਟਾਇਆ ਜਾਵੇਗਾ ਅਤੇ ਸੂਬੇ ਵਿਚ ਟਰਾਂਸਪੋਰਟ ਨੂੰ ਵੀ ਕੁਝ ਹੱਦ ਤੱਕ ਵਧਾਇਆ ਜਾ ਸਕਦਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com