ਮਨਿੰਦਰਜੀਤ ਸਿੱਧੂ
- ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਬਹੁਤ ਜਰੂਰੀ- ਬੀਬੀ ਜਾਵੇਦ ਅਖਤਰ
ਜੈਤੋ , 9 ਜੂਨ , 2020 - ਕੁੱਝ ਦਿਨ ਪਹਿਲਾਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਖੇਡ ਸਟੇਡੀਅਮ ਜੈਤੋ ਦਾ ਦੌਰਾ ਕੀਤਾ ਸੀ। ਆਪਣੇ ਦੌਰੇ ਦੌਰਾਨ ਉਹਨਾਂ ਨੇ ਖਿਡਾਰੀਆਂ ਤੋਂ ਸਟੇਡੀਅਮ ਵਿਚਲੀਆਂ ਊਣਤਾਈਆਂ ਬਾਰੇ ਜਾਣਿਆ ਸੀ। ਉਸ ਦਿਨ ਮੁਹੰਮਦ ਸਦੀਕ ਨੇ ਉਥੇ ਮੌਜੂਦ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਜਲਦ ਹੀ ਖੇਡ ਵਿਭਾਗ ਦੀ ਟੀਮ ਸਟੇਡੀਅਮ ਦਾ ਨਿਰੀਖਣ ਕਰਨ ਆਵੇਗੀ।
ਆਪਣੇ ਬੋਲ ਪੁਗਾਉਂਦਿਆਂ ਮੁਹੰਮਦ ਸਦੀਕ ਆਪਣੇ ਨਾਲ ਖੇਡ ਵਿਭਾਗ ਦੇ ਐਕਸੀਅਨ ਸੰਜੇ ਮਹਾਜ਼ਨ ਨੂੰ ਲੈ ਕੇ ਖੇਡ ਸਟੇਡੀਅਮ ਜੈਤੋ ਵਿਖੇ ਪਹੁੰਚੇ। ਇੱਥੇ ਉਹਨਾਂ ਸਟੇਡੀਅਮ ਦੀ ਖਸਤਾ ਹਾਲਤ ਨੂੰ ਦੇਖਿਆ ਅਤੇ ਜੋ ਜੋ ਮੰਗਾਂ ਉੱਥੇ ਮੌਜੂਦ ਖੇਡ ਪ੍ਰੇਮੀਆਂ ਨੇ ਦੱਸੀਆਂ ਸਭ ਨੂੰ ਉਹਨਾਂ ਕਲਮਬੱਧ ਕਰ ਲਿਆ। ਇਸ ਮੌਕੇ ਮੁਹੰਮਦ ਸਦੀਕ ਨੇ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਕੇਂਦਰ ਜਾਂ ਪੰਜਾਬ ਸਰਕਾਰ ਤੋਂ ਜੋ ਵੀ ਫੰਡ ਚਾਹੀਦਾ ਹੋਵੇ ਮੈਂ ਮੁਹੱਈਆ ਕਰਵਾ ਕੇ ਦੇਵਾਂਗਾ, ਪਰ ਸਟੇਡੀਅਮ ਨੂੰ ਸੁੰਦਰ ਬਣਾਉਣ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ।
ਉਹਨਾਂ ਕਿਹਾ ਕਿ ਜਲਦ ਤੋਂ ਜਲਦ ਇਸਦਾ ਅਸਟੀਮੇਟ ਬਣਾ ਕੇ ਦਿੱਤਾ ਜਾਵੇ ਤਾਂ ਜੋ ਸਰਕਾਰ ਤੋਂ ਫੰਡ ਪਾਸ ਕਰਵਾ ਕੇ ਕੰਮ ਚਾਲੂ ਕਰਵਾਇਆ ਜਾਵੇ। ਇਸ ਮੌਕੇ ਐਮ.ਪੀ. ਮੁਹੰਮਦ ਸਦੀਕ ਦੀ ਧੀ ਅਤੇ ਕਾਂਗਰਸੀ ਆਗੂ ਬੀਬੀ ਜਾਵੇਦ ਅਖਤਰ ਨੇ ਕਿਹਾ ਕਿ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਬਹੁਤ ਜਰੂਰੀ ਹੈ ਅਤੇ ਖੇਡਾਂ ਨਾਲ ਜੋੜਨ ਲਈ ਖੇਡ ਸਹੂਲਤਾਂ ਦਾ ਹੋਣਾ ਬਹੁਤ ਜਰੂਰੀ ਹੈ। ਜੈਤੋ ਹਲਕੇ ਦੇ ਲੋਕਾਂ ਨਾਲ ਅਸੀਂ ਜੋ-ਜੋ ਵਾਅਦੇ ਕੀਤੇ ਸਨ ਇੱਕ ਇੱਕ ਕਰਕੇ ਸਾਰੇ ਵਾਅਦੇ ਪੂਰੇ ਕਰ ਰਹੇ ਹਾਂ।
ਇਸ ਮੌਕੇ ਡਾ. ਜਸਵੀਰ ਸਿੰਘ “ਭੋਲਾ”, ਹਰਵਿੰਦਰ ਸਿੰਘ “ਰਾਜੂ” ਨੇ ਮੁਹੰਮਦ ਸਦੀਕ ਅਤੇ ਬੀਬੀ ਜਾਵੇਦ ਅਖਤਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਸਾਡੇ ਵੱਲੋਂ ਕੀਤੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਬੜੀ ਫੁਰਤੀ ਨਾਲ ਸਦੀਕ ਸਾਹਿਬ ਨੇ ਸਟੇਡੀਅਮ ਦੇ ਸਰਵੇ ਦਾ ਕੰਮ ਸ਼ੁਰੂ ਕਰਵਾ ਦਿੱਤਾ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਬਹੁਤ ਜਲਦ ਜੈਤੋ ਦਾ ਖੇਡ ਸਟੇਡੀਅਮ ਜੋ ਕਿ ਖੰਡਰ ਬਣ ਚੁੱਕਾ ਹੈ ਮੁੜ ਖੇਡ ਸਟੇਡੀਅਮ ਬਣ ਜਾਵੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਮਾਰਕਿਟ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਪ੍ਰਦੀਪ ਗਰਗ ਮਲੋਟ ਵਾਲੇ, ਹੈੱਡ. ਮਾਸਟਰ ਅੰਤਰਪਾਲ ਸਿੰਘ ਬਰਾੜ, ਐਡਵੋਕੇਟ ਮਦਨ ਲਾਲ ਬਾਂਸਲ, ਸੱਤਪਾਲ ਡੋਡ ਆਦਿ ਹਾਜ਼ਰ ਸਨ।