ਮਨਿੰਦਰਜੀਤ ਸਿੱਧੂ
- ਸਰਕਾਰ ਜਲਦ ਤੋਂ ਜਲਦ ਜਿੰਮਾਂ ਖੋਲ੍ਹਣ ਦੀ ਆਗਿਆ ਦੇਵੇ- ਜਿੰਮ ਮਾਲਕ
ਜੈਤੋ, 9 ਜੂਨ 2020 - ਅੱਜ ਜੈਤੋ ਵਿਖੇ ਜਿੰਮ ਮਾਲਕਾਂ ਅਤੇ ਨੌਜਵਾਨਾਂ ਵੱਲੋਂ ਸਥਾਨਕ ਬਾਜਾਖਾਨਾ ਚੌਂਕ ਵਿਖੇ ਥਾਲੀਆਂ ਖੜਕਾ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿੰਮ ਮਾਲਕਾਂ ਵੱਲੋਂ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਨੌਜਵਾਨਾਂ ਵਿੱਚ ਸਰਕਾਰ ਦੀਆਂ ਲਾਕਡਾਊਨ ਖੋਲ੍ਹਣ ਦੀਆਂ ਨੀਤੀਆਂ ਨੂੰ ਲੈ ਕੇ ਵਿਰੋਧ ਪਾਇਆ ਜਾ ਰਿਹਾ ਸੀ। ਇਸ ਮੌਕੇ ਜਿੰਮ ਮਾਲਕ ਲਵਜੀਤ ਸਿੰਘ ਨੇ ਕਿਹਾ ਕਿ ਜਦ ਸਰਕਾਰ ਠੇਕੇ ਖੋਲ੍ਹ ਸਕਦੀ ਹੈ ਤਾਂ ਸਰਕਾਰ ਨੂੰ ਜਿੰਮ ਖੋਲ੍ਹਣ ਵਿੱਚ ਕੀ ਇਤਰਾਜ ਹੈ।
ਜਿੰਮ ਖੋਲ੍ਹਣ ਸਬੰਧੀ ਸਰਕਾਰ ਹਦਾਇਤਾਂ ਜਾਰੀ ਕਰੇ ਅਸੀਂ ਸਾਰੀਆਂ ਹਦਾਇਤਾਂ ਮੰਨਣ ਲਈ ਤਿਆਰ ਹਾਂ, ਪਰ ਸਰਕਾਰ ਲੋਕਾਂ ਦੀ ਸਿਹਤ ਬਨਾਉਣ ਵਾਲੀਆਂ ਚੀਜਾਂ ਬੰਦ ਕਰਕੇ ਵਿਗਾੜਨ ਵਾਲੀਆਂ ਖੋਲਣ ਵੱਲ ਜਿਆਦਾ ਧਿਆਨ ਦੇ ਰਹੀ ਹੈ। ਇਸ ਮੌਕੇ ਅੰਤਰਰਾਸ਼ਟਰੀ ਬਾਡੀ ਬਿਲਡਰ ਕੁਲਦੀਪ ਸਿੰਘ “ਸੀਪਾ” ਨੇ ਸਾਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਰਕਾਰ ਨੇ ਸ਼ਾਪਿੰਗ ਮਾਲ ਖੋਲ੍ਹ ਦਿੱਤੇ ਹਨ, ਬੱਸਾਂ ਚਲਾ ਦਿੱਤੀਆਂ ਹਨ ਅਤੇ ਹੋਟਲ ਖੋਲ੍ਹ ਦਿੱਤੇ ਹਨ ਪਰ ਸਰਕਾਰ ਨੂੰ ਸਾਡੇ ਗਰੀਬ ਲੋਕਾਂ ਦੀਆਂ ਜਿੰਮਾਂ ਖੋਲਣ ਵਿੱਚ ਕੀ ਹਰਜ ਹੈ।
ਨੌਜਵਾਨ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਜਦੋਂ ਬੱਸਾਂ ਵਿੱਚ ਸਵਾਰੀਆਂ ਦੇ ਬੈਠਣ ਨਾਲ ਸ਼ੋਸਲ ਡਿਸਟੈਂਸ਼ ਖਤਮ ਨਹੀਂ ਹੁੰਦਾ ਤਾਂ ਜਿੰਮਾਂ ਖੋਲ੍ਹਣ ਨਾਲ ਕਿਵੇਂ ਹੋ ਸਕਦਾ ਹੈ। ਉਹਨਾਂ ਕਿਹਾ ਕਿ ਬੱਸ ਵਿੱਚ ਤਾਂ ਵੱਖੋ-ਵੱਖਰੇ ਸ਼ਹਿਰਾਂ ਪਿੰਡਾਂ ਦੇ ਲੋਕ ਸਫ਼ਰ ਕਰਦੇ ਹਨ, ਪਰ ਜਿੰਮ ਵਿੱਚ ਤਾਂ ਜਿੰਮ ਦੇ ਨੇੜੇ ਤੇੜੇ ਦੇ ਇਲਾਕੇ ਦੇ ਲੋਕ ਹੀ ਆਉਂਦੇ ਹਨ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਨੂੰ ਜਿੰਮਾਂ ਖੋਲ੍ਹਣ ਦੀ ਆਗਿਆ ਨਾ ਦਿੱਤੀ ਤਾਂ ਰੋਸ ਵਜੋਂ ਅਸੀਂ ਸ਼ਰਾਬ ਦੇ ਠੇਕਿਆਂ ਅੱਗੇ ਜਿੰਮ ਵਾਲੀਆਂ ਮਸ਼ੀਨਾਂ ਰੱਖ ਕੇ ਆਪਣੀ ਪ੍ਰੈਕਟਸ ਸ਼ੁਰੂ ਕਰ ਦੇਵਾਂਗੇ।