ਮਨਿੰਦਰਜੀਤ ਸਿੱਧੂ
ਜੈਤੋ, 9 ਜੂਨ 2020 - ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਬੇਸ਼ੱਕ ਥੋੜੇ ਸਮੇਂ ਲਈ ਵਿਕਾਸ ਦੀ ਚਾਲ ਮੱਠੀ ਪੈ ਗਈ ਸੀ, ਪਰ ਹੁਣ ਮੁੜ ਵਿਕਾਸ ਦੇ ਕੰਮਾਂ ਦੀ ਹਨੇਰੀ ਲਿਆਂਦੀ ਜਾਵੇਗੀ, ਇਹਨਾਂ ਸਬਦਾਂ ਦਾ ਪ੍ਰਗਟਾਵਾ ਜਿਲ੍ਹਾ ਯੋਜਨਾ ਬੋਰਡ ਫਰੀਦਕੋਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਗੋਇਲ ਨੇ ਕੀਤਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਜੋ-ਜੋ ਵਾਅਦੇ ਕੀਤੇ ਸਨ, ਸਾਰੇ ਵਾਅਦੇ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਕਾਇਆ ਕਲਪ ਲਈ ਗ੍ਰਾਂਟਾਂ ਦੇ ਗੱਫੇ ਦੇਣ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੀ ਪੂਰੀ ਕੋਸ਼ਿਸ ਹੈ ਕਿ ਆਪਣੀ ਜਨਮ ਅਤੇ ਕਰਮ ਭੂਮੀ ਜੈਤੋ ਲਈ ਇਹਨਾਂ ਗ੍ਰਾਂਟਾਂ ਵਿੱਚ ਵੱਡੀ ਰਕਮ ਖਰਚੀ ਜਾਵੇਗੀ। ਉਹਨਾਂ ਦੱਸਿਆਂ ਕਿ ਸਭ ਤੋਂ ਪਹਿਲਾਂ ਸਥਾਨਕ ਪੰਚਾਇਤੀ ਰੋਡ ਅਤੇ ਚੌਂਕ ਨੰਬਰ 2 ਦੇ ਨੇੜੇ ਲੱਗਣ ਵਾਲੇ ਫਰਸ਼ ਦੇ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਜਲਦੀ ਹੀ ਇਹਨਾਂ ਦਾ ਕੰਮ ਸ਼ੁਰੂ ਹੋ ਜਾਵੇਗਾ।
ਉਹਨਾਂ ਕਿਹਾ ਕਿ ਜੈਤੋ ਹਲਕੇ ਦੇ ਪਿੰਡਾਂ ਵਾਸਤੇ 6 ਕਰੋੜ ਰੁਪਏ ਦੇ ਲਗਭਗ ਗਰਾਂਟਾਂ ਜਾਰੀ ਹੋ ਚੁੱਕੀਆਂ ਹਨ। ਸਾਨੂੰ ਪੂਰੀ ਆਸ ਹੈ ਕਿ ਪਿੰਡਾਂ ਦੇ ਸਰਪੰਚ ਲੋਕਾਂ ਦੇ ਪੈਸੇ ਨੂੰ ਲੋਕਾਂ ਦੀ ਭਲਾਈ ਅਤੇ ਵਿਕਾਸ ਵਾਸਤੇ ਹੀ ਖਰਚਣਗੇ। ਸ਼ਹਿਰ ਦੇ ਵਿਕਾਸ ਲਈ 5 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਅਸਟੀਮੇਟ ਸਰਕਾਰ ਕੋਲ ਪਹੁੰਚ ਚੁੱਕਾ ਹੈ। ਜਲਦ ਹੀ ਜੈਤੋ ਸ਼ਹਿਰ ਦੇ ਵਿਕਾਸ ਲਈ 5 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਇਸ ਮੌਕੇ ਉੱਘੇ ਉਦਯੋਗਪਤੀ ਅਤੇ ਯੂਥ ਕਾਂਗਰਸੀ ਆਗੂ ਜੀਤੂ ਬਾਂਸਲ, ਆਸ਼ੂ ਮਿੱਤਲ, ਹਰਸੰਗੀਤ ਹੈਪੀ, ਮੰਨੂ ਗੋਇਲ ਆਦਿ ਹਾਜਰ ਸਨ।