ਮਨਿੰਦਰਜੀਤ ਸਿੱਧੂ
- ਮਹਿਕਮੇ ਦੁਆਰਾ ਭੇਜੇ ਗਲਤ ਬਿੱਲਾਂ ਦੀ ਸੋਧ ਕਾਰਵਾਉਣ ਆਏ ਅਧਿਕਾਰੀਆਂ ਦੇ ਲੇਟ ਆਉਣ ਨਾਲ ਖਪਤਕਾਰਾਂ ਦੀ ਹੁੰਦੀ ਖੱਜਲ-ਖੁਆਰੀ
ਜੈਤੋ, 9 ਜੂਨ , 2020 - ਕੋਰੋਨਾ ਵਾਇਰਸ ਦੇ ਚਲਦਿਆਂ ਲੱਗੇ ਕਰਫ਼ਿਊ ਦੌਰਾਨ ਲੋਕਾਂ ਦੇ ਕਾਰੋਬਾਰਾਂ ਦਾ ਦਿਵਾਲਾ ਨਿਕਲ ਚੁੱਕਿਆ ਹੈ। ਉਪਰੋਂ ਬਿਜਲੀ ਮਹਿਕਮਾ ਗਲਤ ਰੀਡਿੰਗਾਂ ਨੋਟ ਕਰਕੇ ਲੋਕਾਂ ਨੂੰ ਉਹਨਾਂ ਦੀ ਖਪਤ ਤੋਂ ਜਿਆਦਾ ਦੇ ਬਿੱਲ ਰਿਹਾ ਹੈ।ਜਦੋਂ ਲੋਕ ਬਿੱਲਾਂ ਵਿੱਚ ਸੋਧ ਕਰਵਾੳੇੁਣ ਲਈ ਬਿਜ਼ਲੀ ਦਫ਼ਤਰ ਜਾਂਦੇ ਹਨ ਤਾਂ ਉਹਨਾਂ ਨੂੰ ਘੰਟਿਆਂ ਬੱਧੀ ਖੱਜਲ ਖੁਆਰ ਹੋਣਾ ਪੈਂਦਾ ਹੈ। ਉਸ ਤੋਂ ਬਾਅਦ ਵੀ ਲੋਕਾਂ ਨੂੰ ਅਧਿਕਾਰੀਆਂ ਵੱਲੋਂ ਜ਼ਲੀਲ ਕੀਤਾ ਜਾਂਦਾ ਹੈ।
ਅਧਿਕਾਰੀ ਖੁਦ ਸਮੇਂ ਸਿਰ ਦਫ਼ਤਰ ਨਾ ਆ ਕੇ ਲੋਕਾਂ ਉਪਰ ਆਪਣਾ ਨਜਲਾ ਝਾੜਦੇ ਹਨ। ਅੱਜ ਅਸੀਂ ਪੀ.ਐਸ.ਪੀ.ਸੀ. ਐਲ. ਜੈਤੋ ਦੇ ਦਫ਼ਤਰ ਜਾ ਕੇ ਦੇਖਿਆ ਨਾ ਤਾਂ ਐਸ.ਡੀ.ਓ. ਡਿਊਟੀ ਉੱਪਰ ਹਾਜ਼ਰ ਸੀ ਨਾ ਹੀ ਸਵਾ ਦਸ ਵਜੇ ਤੱਕ ਆਰ.ਏ. ਸੁਰਿੰਦਰ ਕੁਮਾਰ ਗਰਗ ਡਿਊਟੀ ੳੱਪਰ ਹਾਜ਼ਰ ਸੀ। ਬਿਜਲੀ ਵਿਭਾਗ ਦੁਆਰਾ ਭੇਜੇ ਗਏ ਗਲਤ ਬਿੱਲਾਂ ਦੀ ਸੁਧਾਈ ਲਈ ਜਦ ਲੋਕ ਆਪਣੀਆਂ ਫਰਿਆਦਾਂ ਲੈ ਕੇ ਬਿਜਲੀ ਦਫਤਰ ਪਹੁੰਚੇ, ਤਾਂ ਲੇਟ ਲਤੀਫ਼ ਆਏ ਆਰ.ਏ. ਸੁਰਿੰਦਰ ਕੁਮਾਰ ਗਰਗ ਉਹਨਾਂ ਨੂੰ ਬਦਤਮੀਜੀ ਨਾਲ ਬੋਲਣ ਲੱਗ ਪਏ।
ਇੱਕ ਬਿਜਲੀ ਮੁਲਾਜ਼ਮ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਵੀ ਦੱਸਿਆ ਹੈ ਕਿ ਆਰ.ਏ. ਸੁਰਿੰਦਰ ਕੁਮਾਰ ਗਰਗ ਨੇ ਆਪਣੇ ਪੁੱਤਰ ਦੇ ਨਾਮ ਉੱਪਰ ਬੀਮਾ ਕੰਪਨੀ ਦੀ ਏਜੰਸੀ ਲਈ ਹੋਈ ਹੈ, ਜਿਸ ਕਰਕੇ ਉਹ ਡਿਊਟੀ ‘ਤੇ ਆਉਣ ਤੋਂ ਪਹਿਲਾਂ ਬੀਮੇ ਕਰਨ ਅਤੇ ਬੀਮੇ ਦੀਆਂ ਕਿਸ਼ਤਾਂ ਇੱਕਠੀਆਂ ਕਰਨ ਚਲੇ ਜਾਂਦੇ ਹਨ ਜਿਸ ਕਰਕੇ ਉਹ ਅਕਸਰ ਹੀ ਡਿਊਟੀ ਉੱਪਰ ਲੇਟ ਆਉਂਦੇ ਹਨ।
ਉਕਤ ਮੁਲਾਜ਼ਮ ਨੇ ਇਹ ਵੀ ਦੱਸਿਆ ਕਿ ਦਫ਼ਤਰ ਵਿੱਚ ਵੀ ਆਰ.ਏ. ਸੁਰਿੰਦਰ ਕੁਮਾਰ ਉੱਥੇ ਆਏ ਲੋਕਾਂ ਦਾ ਬਿਜਲੀ ਬੋਰਡ ਨਾਲ ਸਬੰਧਿਤ ਕੰਮ ਘੱਟ ਕਰਦੇ ਹਨ, ਆਪਣੇ ਅਹੁਦੇ ਦਾ ਪ੍ਰਭਾਵ ਦਿਖਾ ਕੇ ਪਾਵਰਕਾਮ ਦੇ ਖਪਤਕਾਰਾਂ ਨੂੰ ਬੀਮਾ ਪਾਲਿਸੀ ਵੇਚਣ ਵਿੱਚ ਜਿਆਦਾ ਧਿਆਨ ਦਿੰਦੇ ਹਨ। ਉਹਨਾਂ ਦਾ ਪੁੱਤਰ ਵੀ ਜਿਆਦਾਤਰ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਹੀ ਬੈਠਾ ਰਹਿੰਦਾ ਹੈ, ਜਦੋਂ ਵੀ ਕੋਈ ਗ੍ਰਾਹਕ ਉਹਨਾਂ ਨੂੰ ਮਿਲਣ ਜਾਂਦਾ ਹੈ ਤਾਂ ਉਥੇ ਹੀ ਉਸਨੂੰ ਬੀਮੇ ਦੀ ਪਾਲਿਸੀ ਕਰਨ ਲੱਗ ਜਾਂਦੇ ਹਨ।
ਕੀ ਕਹਿੰਦੇ ਹਨ ਆਰ.ਏ. ਸੁਰਿੰਦਰ ਕੁਮਾਰ ਗਰਗ-ਇਸ ਸੰਬੰਧੀ ਜਦ ਅਸੀਂ ਆਰ.ਏ. ਸੁਰਿੰਦਰ ਕੁਮਾਰ ਤੋਂ ਉਹਨਾਂ ਦਾ ਪੱਖ ਜਾਣਿਆ ਤਾਂ ਉਹਨਾਂ ਕਿਹਾ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਹਨ।ਉਹਨਾਂ ਕਿਹਾ ਕਿ ਮੇਰਾ ਮੇਰੇ ਪੁੱਤਰ ਦੇ ਕਾਰੋਬਾਰ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਨਾ ਹੀ ਉਹ ਮੇਰੇ ਦਫਤਰ ਆਉਂਦਾ ਹੈ।
ਕੀ ਕਹਿੰਦੇ ਹਨ ਐਕਸੀਅਨ?
ਇਸ ਸਬੰਧੀ ਜਦ ਅਸੀਂ ਐਕਸੀਅਨ ਕੋਟਕਪੂਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਇਸ ਸਭ ਬਾਰੇ ਨੋਟਿਸ ਲੈਂਦਾਂ ਹਾਂ ਅਤੇ ਐਸ.ਡੀ.ਓ. ਜੈਤੋਂ ਤੋਂ ਸਾਰੇ ਮਸਲੇ ਬਾਰੇ ਜਾਣਦਾ ਹਾਂ।