ਹਰੀਸ਼ ਕਾਲੜਾ
- ਮਿਸ਼ਨ ਫ਼ਤਿਹ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜੀ ਓ ਜੀਜ਼ ਨੇ ਸੰਭਾਲਿਆ ਮੋਰਚਾ
ਸ਼੍ਰੀ ਅਨੰਦਪੁਰ ਸਾਹਿਬ, 11 ਜੂਨ 2020 - ਕੋਵਿਡ ਦੇ ਮਾਮਲਿਆਂ ਦੇ ਸਿਖਰਾਂ 'ਤੇ ਪੁੱਜਣ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਬਿਨਾਂ ਜਾਨ ਦੀ ਪ੍ਰਵਾਹ ਕੀਤਿਆਂ ਡਿਊਟੀ ਨਿਭਾਉਣ ਵਾਲੇ ਜ਼ਿਲ੍ਹੇ ਦੇ ਗਾਰਡੀਅਨਜ਼ ਆਫ਼ ਗਵਰਨੈਂਸ ਹੁਣ ਪੰਜਾਬ ਸਰਕਾਰ ਦੇ ਮਿਸ਼ਨ ਫ਼ਹਿਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੱਬਾਂ ਭਾਰ ਹੋਏ ਹਨ।
ਇਹ ਸਾਬਕਾ ਸੈਨਿਕ ਰੋਜ਼ਾਨਾ ਬਿਨਾਂ ਨਾਗਾ ਪਿੰਡਾਂ 'ਚ ਕੰਮ ਕਰ ਰਹੀ ਮਨਰੇਗਾ ਲੇਬਰ ਨੂੰ ਕੋਵਿਡ ਤੋਂ ਸੁਚੇਤ ਕਰਨ ਅਤੇ ਇਸ ਤੋਂ ਬਚਣ ਲਈ ਉਨ੍ਹਾਂ ਦੇ ਕੰਮ ਸਥਾਨ'ਤੇ ਜਾ ਕੇ ਖਬਰਦਾਰ ਕਰ ਰਹੇ ਹਨ। ਲੋੜਵੰਦਾਂ ਨੂੰ ਮੁੱਖ ਮਾਰਗਾਂ ਤੇ ਪਿੰਡਾਂ 'ਚ ਜ਼ਰੂਰੀ ਵਸਤਾਂ ਦੀ ਵੰਡ ਦੇ ਨਾਲ ਨਾਲ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਪਿੰਡਾਂ ਵਿੱਚ ਇਕਾਂਤ ਵਾਸ ਕਾਰਜਕਾਲ ਦੌਰਾਨ ਲੋੜੀਂਦੀਆਂ ਵਸਤਾਂ ਪਹੁੰਚਾਉਣ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਉਪਰਾਲਾ ਵੀ ਇਨ੍ਹਾਂ ਖੁਸ਼ਹਾਲੀ ਦੇ ਰਾਖਿਆਂ ਦਾ ਮੁੱਖ ਮਨੋਰਥ ਹੈ। ਜ਼ਿਲ੍ਹਾ ਜੀ ਓ ਜੀ ਹੈਡ ਕਰਨਲ ਐਫ਼. ਐਸ. ਦੈਹਲ ਅਨੁਸਾਰ ਉਨ੍ਹਾਂ ਦੇ ਜੁਆਨ ਆਪਣੇ ਫੌਜੀ ਅਨੁਸ਼ਾਸਨ ਵਾਂਗ ਸਵੇਰੇ ਹੀ ਕੰਮ ਵਾਲੇ ਥਾਂਵਾਂ 'ਤੇ ਪੁੱਜ ਜਾਂਦੇ ਹਨ ਅਤੇ ਮਨਰੇਗਾ ਕਾਮਿਆਂ ਨੂੰ ਕੋਵਿਡ ਦੀ ਖਤਰਨਾਕ ਸਥਿਤੀ ਬਾਰੇ ਦੱਸਦਿਆਂ ਰੋਜ਼ੀ ਕਮਾਉਣ ਦੇ ਨਾਲ-ਨਾਲ ਆਪਣੀ ਸਿਹਤ ਸੁਰੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕਰਦੇ ਹਨ।
ਕਰਨਲ ਐਫ. ਐਸ. ਦੈਹਲ. ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫ਼ਤਿਹ ਨੂੰ ਹੇਠਲੇ ਪੱਧਰ ਤੱਕ ਲੋਕਾਂ ਤੱਕ ਪਹੁੰਚਾ ਕੇ, ਉਨ੍ਹਾਂ ਨੂੰ ਕੋਵਿਡ ਪ੍ਰਤੀ ਜਾਗਰੂਕ ਕਰਨ ਦੇ ਆਦੇਸ਼ਾਂ ਦੇ ਦਿਨ ਤੋਂ ਹੀ ਜੀ. ਓ. ਜੀ. ਬੜੀ ਮੇਹਨਤ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ।ਉਨ੍ਹਾਂ ਦੱਸਿਆ ਕਿ ਕੋਵਿਡ ਦੌਰਾਨ ਜੀ. ਓ. ਜੀਜ਼. ਤੀਸਰੀ ਵੱਡੀ ਜ਼ਿੰਮੇਂਵਾਰੀ ਸੰਭਾਲ ਰਹੇ ਹਨ।ਪਹਿਲੀ ਜ਼ਿੰਮੇਂਵਾਰੀ.ਇਨ੍ਹਾਂ ਸਾਬਕਾ ਸੈਨਿਕਾਂ ਨੇ ਮੈਡੀਕਲ ਸਟੋਰਾਂ ਤੋਂ ਪਿੰਡਾਂ ਦੇ ਲੋਕਾਂ ਤੱਕ ਦਵਾਈ ਪਹੁੰਚਾਉਣ ਦੀ ਬੜੀ ਹੀ ਜ਼ਿੰਮੇਂਵਾਰੀ ਦੇ ਨਾਲ ਨਿਭਾਈ ਗਈ ਸੀ ਅਤੇ ਇਸਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਣ ਵਿੱਚ ਵੀ ਸਹਿਯੋਗ ਕੀਤਾ। ਉਸ ਤੋਂ ਬਾਅਦ ਜਦੋਂ ਕਣਕ ਦਾ ਸੀਜ਼ਨ ਆਇਆਂ ਤਾਂ ਮੰਡੀਆਂ 'ਚ ਲੋਕਾਂ ਨੂੰ ਅਤੇ ਲੇਬਰ ਨੂੰ ਕੋਵਿਡ ਤੋਂ ਸਾਵਧਾਨ ਕਰਨ ਦੀ ਇੱਕ ਹੋਰ ਵੱਡੀ ਚਣੌਤੀ ਨੂੰ ਖਿੜੇ ਮੱਥੇ ਕਬੂਲਦਿਆਂ ਉਨ੍ਹਾਂ ਇਸ ਜ਼ਿੰਮੇਂਵਾਰੀ ਨੂੰ ਤਨਦੇਹੀ ਨਾਲ ਨਿਭਾਇਆ ।ਹੁਣ ਤੀਸਰੀ ਜ਼ਿੰਮੇਂਵਾਰੀ ਪਿੰਡਾਂ 'ਚ ਮਨਰੇਗਾ ਵਰਕਰਾਂ ਨੂੰ ਪੰਚਾਇਤਾਂ ਨਾਲ ਰਲ ਕੇ ਕੋਵਿਡ ਤੋਂ ਸਾਵਧਾਨ ਕਰਨ ਦੀ ਹੈ, ਜਿਸ ਨੂੰ ਫ਼ਿਰ ਉਹ ਆਪਣੀ ਜੰਗ ਸਮਝ ਕੇ ਲੜਰਹੇ ਹਨ।