ਮਨਿੰਦਰਜੀਤ ਸਿੱਧੂ
- ਸੀਨੀਅਰ ਕਾਂਗਰਸੀ ਆਗੂ ਰਾਜਦੀਪ ਸਿੰਘ ਔਲਖ ਦੇ ਯਤਨਾਂ ਨੂੰ ਪਿਆ ਬੂਰ
ਜੈਤੋ , 11 ਜੂਨ , 2020 - ਇਤਿਹਾਸਿਕ ਗੁਰੂ ਗੋਬਿੰਦ ਸਿੰਘ ਮਾਰਗ ਜੋ ਜੈਤੋ ਸ਼ਹਿਰ ਨੂੰ ਸ਼੍ਰੀ ਮੁਕਤਸਰ ਸਾਹਿਬ ਨਾਲ ਜੋੜਦਾ ਹੈ ਦੇ ਜੈਤੋ ਤੋਂ ਮੱਲਣ ਵਿਚਕਾਰਲੇ ਟੋਟੇ ਦੀ ਹਾਲਤ ਪਿਛਲ਼ੇ ਲੰਮੇਂ ਸਮੇਂ ਤੋਂ ਬਹੁਤ ਖਸਤਾ ਹੋ ਚੁੱਕੀ ਹੈ।ਜੈਤੋ ਅਤੇ ਸ੍ਰੀ ਮੁਕਤਸਰ ਸਾਹਿਬ ਦੋਨੋ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੋਣ ਕਰਕੇ ਦੋਹਾਂ ਇਤਿਹਾਸਿਕ ਸ਼ਹਿਰਾਂ ਵਿੱਚ ਲੋਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਅਤੇ ਨਤਮਸਤਕ ਹੋਣ ਆਉਂਦੇ ਹਨ। ਸੜਕ ਦੀ ਖਸਤਾ ਹਾਲਤ ਹੋਣ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸਦੇ ਚਲਦਿਆਂ ਅਕਸਰ ਹੀ ਐਕਸੀਟੈਂਡ ਹੁੰਦੇ ਰਹਿੰਦੇ ਹਨ।
ਇਸ ਸੜਕ ਦੀ ਸਮੱਸਿਆ ਨੂੰ ਦੇਖਦੇ ਹੋਏ ਦੀ ਟਰੱਕ ਅਪ੍ਰੇਟਰਜ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਅਤੇ ਯੂਥ ਕਾਂਗਰਸੀ ਆਗੂ ਰਾਜਦੀਪ ਸਿੰਘ ਔਲਖ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੂੰ ਇਸ ਸਾਰੇ ਮਸਲੇ ਸਬੰਧੀ ਜਾਣੂ ਕਰਵਾਇਆ ਅਤੇ ਜਲਦ ਤੋਂ ਜਲਦ ਸੜਕ ਦਾ ਨਿਰਮਾਣ ਕਰਵਾੳੇੁਣ ਲਈ ਕਿਹਾ ਸੀ ਅਤੇ ਉਹ ਲਗਾਤਾਰ ਇਸ ਦੀ ਪੈਰਵਾਈ ਕਰ ਰਹੇ ਸਨ। ਰਾਜਦੀਪ ਸਿੰਘ ਔਲਖ ਦੇ ਯਤਨਾਂ ਨੂੰ ਉਦੋਂ ਬੂਰ ਪਿਆ ਜਦੋਂ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਐਮ.ਪੀ. ਮੁਹੰਮਦ ਸਦੀਕ ਨੇ ਇਸ ਇਤਿਹਾਸਿਕ ਮਾਰਗ ਲਈ ਪੰਜਾਬ ਸਰਕਾਰ ਪਾਸੋਂ 8 ਕਰੋੜ ਰੁਪੈ ਪਾਸ ਕਰਵਾ ਕੇ ਇਸ ਸੜਕ ਦਾ ਨੀਂਹ ਪੱਥਰ ਰੱਖ ਕੇ ਕੰਮ ਚਾਲੂ ਕਰਵਾ ਦਿੱਤਾ।
ਨੀਂਹ ਪੱਥਰ ਰੱਖਣ ਮੌਕੇ ਮੁਹੰਮਦ ਸਦੀਕ ਨੇ ਕਿਹਾ ਕਿ ਅਸੀਂ ਬਹੁਤ ਵਡਭਾਗੀ ਹਾਂ ਜੋ ਸਾਨੂੰ ਦਸ਼ਮੇਸ਼ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਸ ਨਗਰ ਨਾਲ ਜੁੜਦੀਆਂ ਸਾਰੀਆਂ ਸੜਕਾਂ ਦਾ ਕੰਮ ਜਲਦ ਤੋਂ ਜਲਦ ਪੂਰਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਰਾਜਦੀਪ ਸਿੰਘ ਔਲਖ ਨੇ ਕਿਹਾ ਕਿ ਇਸੇ ਰਾਸਤੇ ਚਲਦੇ ਹੋਏ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਪਿੰਡ ਰਾਮੇਆਣਾ ਵੀ ਚਰਨ ਪਾਏ ਸਨ। ਇਸ ਸੜਕ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ 8 ਕਰੋੜ ਰੁਪਏ ਪਾਸ ਕਰਵਾਉਣ ਲਈ ਅਸੀਂ ਮੁਹੰਮਦ ਸਦੀਕ ਦੇ ਹਮੇਸ਼ਾ ਰਿਣੀ ਰਹਾਂਗੇ। ਉਹਨਾਂ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਮਕਸਦ ਹੀ ਪੰਜਾਬ ਦਾ ਵਿਕਾਸ ਕਰਨਾ ਹੈ।