ਹਰੀਸ਼ ਕਾਲੜਾ
- ਕੈਪਟਨ ਦੇ ਸੁਚਾਰੂ ਪ੍ਰਸਾਸ਼ਨ ਨੇ ਕੋਵਿਡ-19 ਤੇ ਫਤਿਹ ਪਾਉਣ ਵਿਚ ਸਫਲਤਾ ਹਾਸਲ ਕੀਤੀ: ਮਨੀਸ਼ ਤਿਵਾੜੀ
ਸ਼੍ਰੀ ਅਨੰਦਪੁਰ ਸਾਹਿਬ, 12 ਜੂਨ 2020 - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਸ੍ਰੀ ਅਨੰਦਪੁਰ ਸਾਹਿਬ ਤੋ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਅੱਜ ਦਸਗਰਾਈ ਵਿਖੇ ਪੈਦਲ ਅਤੇ ਦੋ ਪਹੀਆ ਵਾਹਨ ਚਾਲਕਾਂ ਲਈ ਸਤਲੁਜ਼ ਦਰਿਆ ਤੇ ਦਸਗਰਾਈ ਵਿਖੇ ਬਣਿਆ ਪੁੱਲ ਲੋਕ ਅਰਪਣ ਕੀਤਾ। 10 ਲੱਖ ਰੁਪਏ ਦੀ ਲਾਗਤ ਨਾਲ ਲਗਭਗ 300 ਫੁੱਟ ਲੰਬੇ ਅਤੇ 4.6 ਫੁੱਟ ਚੌੜੇ ਇਸ ਪੁੱਲ ਦੇ ਨਾਲ ਹਰਸਾਬੇਲਾ ਤੋ ਖਾਨਪੁਰ ਤੱਕ ਆਉਣ ਜਾਣ ਵਾਲੇ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਹ ਪੁੱਲ ਸਤਲੁਜ ਪਾਰ ਆਪਣੀ ਵਾਹੀ ਯੋਗ ਜਮੀਨ ਵਿਚ ਜਾਣ ਵਾਲੇ ਕਿਸਾਨਾ ਅਤੇ ਮਜਦੂਰਾਂ ਲਈ ਵੀ ਵਰਦਾਨ ਸਿੱਧ ਹੋਵੇਗਾ। ਜਿਨ੍ਹਾ ਨੂੰ ਸਤਲੁਜ਼ ਪਾਰ ਜਾਣ ਲਈ 10 ਕਿਲੋਮੀਟਰ ਦਾ ਪੈਂਡਾ ਤਹਿ ਕਰਨਾ ਪੈਂਦਾ ਸੀ।
ਇਸ ਮੌਕੇ ਤੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਹਲਕੇ ਵਿਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦਰਜਨਾਂ ਪੁਲਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੜਕੀ ਨੈਟਵਰਕ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹੈਣ ਤੋ ਹਰਸਾਬੇਲਾ ਤੱਕ ਸਤਲੁਜ਼ ਦਰਿਆ ਉਤੇ 17.50 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਪੁਲ ਦੀ ਉਸਾਰੀ ਵੀ ਜਲਦੀ ਸੁਰੂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਵਿਕਾਸ ਕਾਰਜਾ ਲਈ ਫੰਡਾ ਦੀ ਕੋਈ ਘਾਟ ਨਹੀ ਹੈ ਕਰੋੜਾਂ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ। ਲੋਕਾ ਨਾਲ ਕੀਤਾ ਹਰ ਵਾਅਦਾ ਪੂਰਾ ਹੋਵੇਗਾ।
ਇਸ ਮੋਕੇ ਮੈਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਹਲਕੇ ਦੇ ਵਿਕਾਸ ਲਈ ਸਪੀਕਰ ਰਾਣਾ ਕੇ.ਪੀ ਸਿੰਘ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ, ਜ਼ੋ ਵੀ ਜਿੰਮੇਵਾਰੀ ਰਾਣਾ ਕੇ.ਪੀ ਸਿੰਘ ਵਲੋ ਉਨ੍ਹਾਂ ਨੂੰ ਸੋਪੀ ਜਾ ਰਹੀ ਹੈ ਉਹ ਹਰ ਹਾਲ ਵਿਚ ਪੂਰੀ ਹੋਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਬੇਹਤਰੀਨ ਅਤੇ ਤਜਰਬੇਕਾਰ ਪ੍ਰਸਾਸ਼ਕ ਹਨ, ਜਿਨ੍ਹਾਂ ਨੇ ਕੋਵਿਡ-19 ਦੋਰਾਨ ਆਪਣੀ ਸੂਝ ਬੁਝ ਨਾਲ ਕਰੋਨਾ ਜਹੀ ਮਹਾਮਾਰੀ ਉਤੇ ਫਤਿਹ ਪਾਉਣ ਵਿਚ ਸਫਲਤਾ ਹਾਸਲ ਕੀਤੀ ਅਤੇ ਸੂਬੇ ਦੇ ਲੋਕਾ ਦੀ ਜਾਨ ਮਾਲ ਦੀ ਰੱਖਿਆ ਕੀਤੀ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੋਵਿਡ-19 ਦਾ ਮੁਕਾਬਲਾ ਕਰਨ ਦੋਰਾਨ ਅਪਨਾਈਆ ਗਲਤ ਨੀਤੀਆ ਕਾਰਨ ਦੇਸ਼ ਦਾ ਮਜਦੂਰ ਵਰਗ ਅਤੇ ਆਮ ਲੋਕ ਵੀ ਬੇਹੱਦ ਪ੍ਰਭਾਵਿਤ ਹੋਏ। ਅੱਜ ਦਿੱਲੀ, ਮੁੰਬਈ, ਬੰਗਾਲ, ਗੁਜਰਾਤ, ਹੈਦਰਾਬਾਦ ਅਤੇ ਹੋਰ ਮਹਾਨਗਰਾ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜ ਰਹੀ ਹੈ। ਜਦੋ ਕਿ ਪੰਜਾਬ ਕਰੋਨਾ ਤੇ ਕਾਬੂ ਪਾਉਣ ਵਿਚ ਸਫਲ ਹੋ ਰਿਹਾ ਹੈ। ਉਨ੍ਹਾਂ ਲੋਕਾ ਨੂੰ ਸਾਵਧਾਨੀਆ ਵਰਤਣ ਦੀ ਅਪੀਲ ਕੀਤੀ।
ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਜਿਲਾ ਪ੍ਰੀਸਦ ਦੀ ਚੇਅਰ ਪਰਸਨ ਕ੍ਰਿਸ਼ਨਾ ਦੇਵੀ, ਪੰਚਾਇਤ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਰਕੇਸ ਚੋਧਰੀ, ਮੀਤ ਚੇਅਰ ਪਰਸਨ ਬੇਗਮ ਫਰੀਦਾ, ਪ੍ਰਿਤਪਾਲ ਸਿੰਘ ਗੰਡਾ, ਕਮਲਦੇਵ ਜ਼ੋਸ਼ੀ, ਹਰਬੰਸ ਲਾਲ ਮਹਿਦਲੀ, ਹਰਜੀਤ ਸਿੰਘ ਜੀਤਾ, ਨਰਿੰਦਰ ਸੈਣੀ, ਪਹੂ ਲਾਲ ਅਤੇ ਹੋਰ ਪੰਤਵੰਤੇ ਹਾਜਰ ਸਨ।