ਮਨਿੰਦਰਜੀਤ ਸਿੱਧੂ
- ਮੰਤਰੀ ਦੁਆਰਾ ਆਰ.ਟੀ.ਓ. ਰਾਹੀਂ ਪ੍ਰਿਕਸ਼ਿਤ ਗੋਇਲ ਕੋਲੋਂ ਵੀ.ਆਈ.ਪੀ. ਨੰਬਰ ਖੋਹਣ ਦਾ ਇਲਜ਼ਾਮ
- ਜੇਕਰ ਪ੍ਰੀਕਿਸ਼ਤ ਗੋਇਲ ਨਾਲ ਕੋਈ ਧੱਕੇਸ਼ਾਹੀ ਹੁੰਦੀ ਹੈ ਤਾਂ ਅਸੀਂ ਉਸਦਾ ਪੂਰਾ ਸਾਥ ਦੇਵਾਂਗੇ - ਸਿਕੰਦਰ ਮਲੂਕਾ
ਜੈਤੋ, 18 ਜੂਨ 2020 - ਅੱਜ ਫਰੀਕਦੋਟ ਜ਼ਿਲ੍ਹੇ ਦੇ ਸ਼ਹਿਰ ਜੈਤੋ ਵਿੱਚ ਉੱਘੇ ਉਦਯੋਗਪਤੀ ਪ੍ਰੀਕਿਸ਼ਤ ਗੋਇਲ ਦੇ ਇੱਕ ਵੀ.ਆਈ.ਪੀ. ਨੰਬਰ ਉੱਪਰ ਪੰਜਾਬ ਕੈਬਨਿਟ ਮੰਤਰੀ ਦੀ ਅੱਖ ਆ ਗਈ ਜਿਸਨੂੰ ਹਥਿਆਉਣ ਲਈ ਉਸਨੇ ਆਰ.ਟੀ.ਓ. ਤਰਸੇਮ ਚੰਦ ਰਾਹੀਂ ਗੋਇਲ ਉੱਪਰ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਤੂੰ ਇਸ ਨੰਬਰ ਨੂੰ ਭੁੱਲ ਜਾਹ ਇਹ ਨੰਬਰ ਮੰਤਰੀ ਸਾਹਿਬ ਨੂੰ ਪਸੰਦ ਹੈ। ਜਦ ਗੋਇਲ ਨੇ ਕਿਹਾ ਕਿ ਮੈਂ ਇਹ ਨੰਬਰ ਨਹੀਂ ਵੇਚਣਾ ਤਾਂ ਆਰ.ਟੀ.ਓ ਨੇ ਕਿਹਾ ਕਿ ਜੇਕਰ ਤੂੰ ਇਹ ਨੰਬਰ ਲੈਣਾ ਤਾਂ ਵਿਧਾਇਕ ਕਿੱਕੀ ਢਿੱਲੋਂ ਦਾ ਫੋਨ ਕਰਵਾ ਨਹੀਂ ਤਾਂ ਮੈਂ ਇਹ ਨੰਬਰ ਨਹੀਂ ਦੇ ਸਕਦਾ।
ਇਹ ਜਾਣਕਾਰੀ ਪ੍ਰੀਕਿਸ਼ਤ ਗੋਇਲ ਦੁਆਰਾ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਦਿੱਤੀ ਗਈ ਅਤੇ ਉਹਨਾਂ ਦੱਸਿਆ ਕਿ ਉਸਨੇ ਇੱਕ ਬਜਾਜ ਚੇਤਕ ਸਕੂਟਰ ਜਿਸਦਾ ਨੰਬਰ. ਪੀ.ਬੀ.ਕਿਊ 0001 ਗੁਰਸਾਹਿਬ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਪਾਸੋਂ 2019 ਵਿੱਚ ਖਰੀਦਿਆ ਸੀ। ਇਹ ਸਕੂਟਰ ਉਨ੍ਹਾਂ ਦੁਆਰਾ ਆਪਣੇ ਨਾਮ ਤਬਦੀਲ ਕਰਵਾ ਲਿਆ ਸੀ। ਉਨ੍ਹਾਂ ਕਿਹਾ ਕਿ, "ਇਸ ਤੋਂ ਬਾਅਦ ਮੈਂ ਇਨੋਵਾ ਗੱਡੀ ਨਵੀਂ ਖਰੀਦੀ ਜਿਸਦਾ ਨੰਬਰ ਪੀ.ਬੀ. 04 ਏ.ਬੀ 0008 ਹੈ। ਮੈਂ ਨੰਬਰ ਰਿਟੇਨ ਸਵੈਪਿੰਗ ਲਈ ਜਨਵਰੀ 2020 ਵਿੱਚ ਅਪਲਾਈ ਕਰ ਦਿੱਤਾ ਜਿਸ ਦੀ ਸਰਕਾਰੀ ਫੀਸ ਵੀ ਭਰ ਦਿੱਤੀ ਸੀ ਤਾਂ ਜੋ ਮੇਰੇ ਸਕੂਟਰ ਅਤੇ ਗੱਡੀ ਦਾ ਨੰਬਰ ਆਪਸ ਵਿੱਚ ਬਦਲ ਜਾਵੇ। ਸਾਰਾ ਕੰਮ ਆਨਲਾਈਨ ਸਹੀ ਹੋ ਗਿਆ ਨੰਬਰ ਸਵੈਪ ਸ਼ੋਅ ਹੋਣ ਲੱਗ ਗਿਆ ਸੀ। ਜਦ ਮੈਂ 10 ਜੂਨ ਨੂੰ ਨੰਬਰ ਪਲੇਟਾਂ ਲਗਵਾਉਣ ਲਈ ਆਰ.ਟੀ.ਓ. ਦਫ਼ਤਰ ਗਿਆ ਤਾਂ ਸਬੰਧਤ ਕਰਮਚਾਰੀ ਨੇ ਦੱਸਿਆ ਕਿ ਤੁਹਾਡਾ ਪੀ.ਬੀ.ਕਿਊ. 0001 ਨੰਬਰ ਬਲੈਕ ਲਿਸਟ ਹੋ ਗਿਆ। ਜਦ ਅਸੀਂ ਆਨਲਾਈਨ ਚੈੱਕ ਕੀਤਾ ਤਾਂ ਸਟੇੇਟਸ ਵਿੱਚ “ਡਿਊ ਟੂ ਕੋਰਟ ਰੀਜ਼ਨ” ਲਿਖਿਆ ਹੋਇਆ ਸੀ। ਮੇਰੇ ਵਕੀਲ ਨੇ ਆਰ.ਟੀ.ਓ. ਨੂੰ ਕਿਹਾ ਕਿ ਜੋ ਕੋਰਟ ਰੀਜ਼ਨ ਹੈ ਉਸ ਦੇ ਦੇਵੋਂ ਮੈਂ ਕਲੀਅਰ ਕਰਵਾ ਦਿੰਦਾ ਹਾਂ। ਆਰ.ਟੀ.ਓ. ਨੇ ਕਿਹਾ ਕਿ ਜਿੰਨ੍ਹਾਂ ਦਾ ਨੰਬਰ ਹੈ ਉਹਨਾਂ ਨੂੰ ਮੇਰੇ ਕੋਲ ਭੇਜੋ, ਜਦ ਮੈਂ ਆਰ.ਟੀ.ਓ. ਕੋਲ ਗਿਆ ਤਾਂ ਉਸਨੇ ਮੇਰੇ ਉੱਪਰ ਇਸ ਨੰਬਰ ਨੂੰ ਛੱਡਣ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦ ਮੈਂ ਉਹਨਾਂ ਦੇ ਕਿਸੇ ਦਬਾਅ ਅਤੇ ਧਮਕੀਆਂ ਦੀ ਪਰਵਾਹ ਨਾ ਕੀਤੀ ਤਾਂ ਉਸਨੇ ਮੇਰੀ ਸਹਿਮਤੀ ਅਤੇ ਮੇਰੇ ਦਸਤਖਤਾਂ ਤੋਂ ਬਗੈਰ ਹੀ ਮੇਰੇ ਨੰਬਰ ਵਾਪਸ ਸਕੂਟਰ ਵਾਲਾ ਸਕੂਟਰ ਉੱਪਰ ਅਤੇ ਇਨੋਵਾ ਵਾਲਾ ਇਨੋਵਾ ਉੱਪਰ ਲਗਾ ਦਿੱਤਾ।"
ਕੀ ਕਹਿੰਦੇ ਹਨ ਆਰ.ਟੀ.ਓ?
ਆਰ.ਟੀ.ਓ. ਤਰਸੇਮ ਚੰਦ ਦਾ ਕਹਿਣਾ ਹੈ ਕਿ ਸਾਰੇ ਕੰਮ ਕਾਨੂੰਨ ਮੁਤਾਬਿਕ ਕੀਤੇ ਜਾ ਰਹੇ ਹਨ। ਜਦੋਂ ਉਹਨਾਂ ਤੋਂ ਮਾਲਕ ਦੀ ਸਹਿਮਤੀ ਤੋਂ ਬਿਨ੍ਹਾਂ ਫ਼ੀਸ ਭਰਨ ਅਤੇ ਨੰਬਰ ਦੁਬਾਰਾ ਬਦਲਣ ਬਾਰੇ ਪੁੱਛਿਆ ਤਾਂ ਉਹ ਕੋਈ ਠੋਸ ਜਵਾਬ ਨਾ ਦੇ ਸਕੇ ਅਤੇ ਟਾਲ ਮਟੋਲ ਕਰਦੇ ਨਜ਼ਰ ਆਏ।
ਮੇਰਾ ਇਸ ਗੱਲ ਨਾਲ ਕੋਈ ਲੈਣਾ-ਦੇਣਾ ਨਹੀਂ- ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ
ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਮੇਰਾ ਇਸ ਮਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਨਾ ਤਾਂ ਮੈਂ ਜਿੰਦਗੀ ਵਿੱਚ ਕਦੇ ਗੋਇਲ ਸਾਹਿਬ ਨੂੰ ਮਿਲਿਆ ਹਾਂ ਅਤੇ ਨਾ ਹੀ ਮੈਨੂੰ ਕੋਈ ਵੀ.ਆਈ.ਪੀ ਨੰਬਰ ਲੈਣ ਜਾਂ ਦੇਣ ਬਾਰੇ ਗਿਆਨ ਹੈ।
ਜੇਕਰ ਪ੍ਰੀਕਿਸ਼ਤ ਗੋਇਲ ਨਾਲ ਕੋਈ ਧੱਕੇਸ਼ਾਹੀ ਹੁੰਦੀ ਹੈ ਤਾਂ ਅਸੀਂ ਉਸਦਾ ਪੂਰਾ ਸਾਥ ਦੇਵਾਂਗੇ- ਸਿਕੰਦਰ ਮਲੂਕਾ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਕਿਸੇ ਤੋਂ ਵੀ ਉਸਦੀ ਮਰਜੀ ਦੇ ਉਲਟ ਵਾਹਨ ਦਾ ਨੰਬਰ ਖੋਹਣਾ ਗੈਰ ਕਾਨੂੰਨੀ ਹੈ। ਬੇਸ਼ੱਕ ਕੋਈ ਮੰਤਰੀ ਹੋਵੇ ਜਾਂ ਆਮ ਇਨਸਾਨ ਕਾਨੂੰਨ ਸਭ ਲਈ ਬਰਾਬਰ ਹੈ। ਜੇਕਰ ਕਿਸੇ ਨੂੰ ਵੀ.ਆਈ.ਪੀ. ਨੰਬਰ ਰੱਖਣ ਦਾ ਸ਼ੌਂਕ ਹੈ ਤਾਂ ਉਹ ਸਰਕਾਰੀ ਨਿਯਮਾਂ ਮੁਤਾਬਿਕ ਲੈ ਸਕਦਾ ਹੈ। ਜੇਕਰ ਵਿਧਾਇਕ ਜਾਂ ਮੰਤਰੀ ਦੁਆਰਾ ਪ੍ਰੀਕਿਸ਼ਤ ਗੋਇਲ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਅਸੀਂ ਉਸਦਾ ਪੂਰਾ ਸਾਥ ਦੇਵਾਂਗੇ ਉਸ ਨਾਲ ਕਿਸੇ ਕਿਸਮ ਦੀ ਕੋਈ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ।
ਕੋਈ ਵੀ ਮੰਤਰੀ ਜਾਂ ਅਫ਼ਸਰ ਕਾਨੂੰਨ ਤੋਂ ਉੱਪਰ ਨਹੀਂ - ਹਰਪਾਲ ਚੀਮਾ
ਕਿਸੇ ਵੀ ਵਿਅਤਕੀ ਤੋਂ ਉਸਦੀ ਮਰਜ਼ੀ ਬਗੈਰ ਨੰਬਰ ਖੋਹਣਾ ਗੈਰ ਕਾਨੂੰਨੀ ਹੈ, ਕੋਈ ਵੀ ਮੰਤਰੀ ਜਾਂ ਅਫ਼ਸਰ ਕਾਨੂੰਨ ਤੋਂ ਉੱਪਰ ਨਹੀਂ ਹੈ। ਜੇਕਰ ਪ੍ਰੀਕਿਸ਼ਤ ਗੋਇਲ ਸਾਡੇ ਨਾਲ ਸੰਪਰਕ ਕਰਦੇ ਹਨ ਤਾਂ ਅਸੀਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਸਰਕਾਰ ਨੂੰ ਸਵਾਲ ਕਰਾਂਗੇ। ਇਸ ਤਰੀਕੇ ਨਾਲ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।