ਮਨਿੰਦਰਜੀਤ ਸਿੱਧੂ
- ਜੈਤੋ ਦੇ ਲੋਕਾਂ ਦੇ ਪਿਆਰ ਅਤੇ ਸਤਿਕਾਰ ਦੇ ਸਦਾ ਰਿਣੀ ਰਹਾਂਗੇ- ਬੀਬਾ ਜਾਵੇਦ ਅਖ਼ਤਰ
ਜੈਤੋ, 19 ਜੂਨ 2020 - ਲਾਕਡਾਊਨ ਦੌਰਾਨ ਬੇਸ਼ੱਕ ਵਿਕਾਸ ਦੇ ਕੰਮਾਂ ਦੀ ਰਫ਼ਤਾਰ ਇੱਕ ਵਾਰ ਜਰੂਰ ਮੱਠੀ ਪੈ ਗਈ ਸੀ, ਪਰ ਹੁਣ ਕੰਮ ਉਸਤੋਂ ਦੁੱਗਣੀ ਸਪੀਡ ਨਾਲ ਕੀਤੇ ਜਾਣਗੇ ਇਹਨਾਂ ਸਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਜੈਤੋ ਦੇ ਬਿਜਲੀ ਨਿਗਮ ਵਿਖੇ ਗਰਿਡ ਨੂੰ ਅਪ੍ਰਗੇਡ ਕਰਨ ਮੌਕੇ ਕੀਤਾ। ਇਸ ਮੌਕੇ ਐਮ.ਪੀ. ਮੁਹੰਮਦ ਸਦੀਕ ਨੇ ਕਿਹਾ ਕਿ ਹਲਕੇ ਵਿੱਚ ਰੁਕੇ ਵਿਕਾਸ ਦੇ ਕੰਮ ਜਲਦੀ ਸ਼ੁਰੂ ਕਰਵਾਏ ਜਾਣਗੇ।
ਉਹਨਾਂ ਕਿਹਾ ਕਿ ਜੈਤੋ ਹਲਕੇ ਦੇ ਹਰ ਪਿੰਡ ਨੂੰ ਗ੍ਰਾਂਟਾਂ ਆ ਚੁੱਕੀਆਂ ਹਨ ਹੁਣ ਪਿੰਡਾਂ ਦੇ ਵਿਕਾਸ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਸਦੀਕ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗਰਿੱਡ ‘ਚ ਦੋ ਨਵੇਂ ਬ੍ਰੇਕਰ ਲਗਾਏ ਗਏ ਹਨ, ਜਿਨਾਂ ‘ਤੇ ਤਕਰੀਬਨ 8 ਲੱਖ ਰੁਪਏ ਖਰਚ ਹੋਏ ਹਨ ਅਤੇ ਲਾਈਨ ਪਾਉਣ ਉੱਪਰ 25 ਲੱਖ ਦੇ ਕਰੀਬ ਖਰਚਿਆ ਗਿਆ ਹੈ। ਇਸ ਮੌਕੇ ਐਮ.ਪੀ. ਮੁਹੰਮਦ ਸਦੀਕ ਦੀ ਪੁੱਤਰੀ ਬੀਬਾ ਜਾਵੇਦ ਅਖਤਰ ਨੇ ਕਿਹਾ ਕਿ ਜੈਤੋ ਹਲਕੇ ਦੇ ਲੋਕ ਸਾਨੂੰ ਬਹੁਤ ਜਿਆਦਾ ਪਿਆਰ ਅਤੇ ਸਤਿਕਾਰ ਦਿੰਦੇ ਹਨ, ਅਸੀਂ ਦਿਨ ਰਾਤ ਇਹਨਾਂ ਲੋਕਾਂ ਲਈ ਕੰਮ ਕਰਦੇ ਹਾਂ ਅਤੇ ਕਰਦੇ ਰਹਾਂਗੇ।
ਸਾਡਾ ਮੁੱਖ ਮਕਸਦ ਹੈ ਜੈਤੋ ਮੰਡੀ ਨੂੰ ਪਹਿਲਾਂ ਵਾਂਗ ਮਸ਼ਹੂਰ ਮੰਡੀ ਬਨਾਉਣਾ ਅਤੇ ਇਸਦਾ ਸਰਬਪੱਖੀ ਵਿਕਾਸ ਕਰਨਾ। ਇਸ ਮੌਕੇ ਐਸ.ਐਸ.ਈ. ਪਲਵੀ ਗੁਪਤਾ, ਐਕਸੀਅਨ ਤਰਲੋਚਨ ਸਿੰਘ ਅਤੇ ਐਸ.ਡੀ.ਓ ਰਜਿੰਦਰ ਸਿੰਘ ਨੇ ਦੱਸਿਆ ਕਿ ਜੈਤੋ ਸ਼ਹਿਰ ਗਰਿੱਡ ਵਿੱਚ ਇਹ 2 ਨਵੇਂ ਬ੍ਰੇਕਰ ਲੱਗਣ ਨਾਲ ਗੁਰੂ ਕੀ ਢਾਬ, ਕੋਠੇ ਮਾਹਲਾ ਸਿੰਘ ਵਾਲੇ, ਗੁੰਮਟੀ ਖੁਰਦ, ਦਲ ਸਿੰਘ ਵਾਲਾ ਅਤੇ ਕਈ ਹੋਰ ਪਿੰਡਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵਿੱਚ ਹੁਣ ਕੋਈ ਵਿਘਨ ਨਹੀਂ ਪਵੇਗਾ। ਆਮ ਤੌਰ ਤੇ ਹੀ ਲੋਡ ਵਧ ਜਾਣ ਕਰਕੇ ਸਪਲਾਈ ਵਿੱਚ ਵਿਘਨ ਪੈ ਜਾਂਦਾ ਸੀ। ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਨਵੇਂ ਬ੍ਰੇਕਰ ਲੱਗਣਾ ਨਾਲ ਹੁਣ ਕਾਫੀ ਹੱਦ ਤੱਕ ਸੁਧਾਰ ਹੋਵੇਗਾ ਅਤੇ ਲੋਕਾਂ ਨੂੰ ਰਾਹਤ ਵੀ ਮਿਲੇਗੀ। ਇਸ ਮੌਕੇ ਸਬ-ਡਵੀਜ਼ਨ ਜੈਤੋ ਦੇ ਡੀ.ਐਸ.ਪੀ. ਪਰਮਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਸੰਜੀਵ ‘ਰਾਜਾ ਭਾਰਦਵਾਜ, ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜਾਕ, ਦੀ ਟਰੱਕ ਆਪੇ੍ਰਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ ਰਾਮੇਆਣਾ, ਪ੍ਰਦੀਪ ਗਰਗ ਮਲੋਟ ਵਾਲੇ, ਸੀਨੀਅਰ ਕਾਂਗਰਸੀ ਆਗੂ ਮੇਹਰ ਸਿੰਘ ਕਰੀਰਵਾਲੀ, ਗਣੇਸ਼ ਜੈਨ, ਸਤਪਾਲ, ਕਾਮਰੇਡ ਰਣਬੀਰ ਪੰਵਾਰ, ਬਲਵਿੰਦਰ ਸਿੰਘ ਜੱਸੀ, ਸੁਖਪਾਲ ਸਿੰਘ ਪਾਲੀ, ਐਡਵੋਕੇਟ ਮਦਨ ਲਾਲ ਬਾਂਸਲ, ਰਜਿੰਦਰ ਸ਼ਰਮਾ, ਨਰਿੰਦਰਜੀਤ ਸਿੰਘ ਪ੍ਰਧਾਨ ਟੀ.ਐਸ.ਯੂ, ਚੰਦਰ ਸ਼ੇਖਰ ਕੈਸ਼ੀਅਰ ਟੀ.ਐਸ.ਯੂ ਆਦਿ ਹਾਜ਼ਰ ਸਨ।