ਮਨਿੰਦਰਜੀਤ ਸਿੱਧੂ
- ਵਾਰਡ ਨੰਬਰ 17 ਨਾਲ ਕੀਤਾ ਜਾ ਰਿਹਾ ਮਤਰੇਈ ਮਾਂ ਵਾਲਾ ਸਲੂਕ- ਮਹੁੱਲਾ ਵਾਸੀ
ਜੈਤੋ, 19 ਜੂਨ 2020 - ਅੱਜ ਵਾਰਡ ਨੰਬਰ ਨੰ 17 ਦੇ ਐਮ.ਸੀ. ਡਾ. ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਸੂਖਚੈਨ ਪੁਰਾ ਬਸਤੀ ਅਤੇ ਡਾ: ਅੰਬੇਦਕਰ ਨਗਰ ਜੈਤੋ ਦੇ ਵਾਸੀਆਂ ਨੇ ਐਸ.ਡੀ.ਐਮ. ਜੈਤੋ ਦੇ ਨਾਮ ਇੱਕ ਮੰਗ ਪੱਤਰ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਤਹਿਸੀਲਦਾਰ ਗੁਰਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਹੀਰਾ ਵੰਤੀ ਨੂੰ ਸੌਂਪਿਆ।ਇਸ ਮੌਕੇ ਉਹਨਾਂ ਦੱਸਿਆ ਕਿ ਅਸੀ ਜੈਤੋ ਸ਼ਹਿਰ ਦੇ ਬਹੁਤ ਹੀ ਗਰੀਬ ਮੁਹੱਲੇ ਦੇ ਵਸਨੀਕ ਹਾਂ। ਜਿਸਨੂੰ ਕਿ ਸਲੱਮ ਬਸਤੀ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਵਿੱਚ ਇੰਟਰਲਾਕ ਟਾਇਲਾਂ ਲਗਾਉਣ ਦਾ ਟੇਂਡਰ ਲਗਾ ਕੇ ਵਰਕ ਆਰਡਰ ਕਰ ਦਿੱਤਾ ਗਿਆ ਸੀ।ਜਿਸ ਦੇ ਤਹਿਤ ਸਾਡੇ ਰੇਲਵੇ ਲਾਇਨੋਂ ਪਾਰ ਦੇ ਸਾਰੇ ਏਰੀਏ ਵਿੱਚ ਸੀਵਰੇਜ ਪਾਇਆ ਜਾਣਾ ਸੀ।
ਜੋ ਕਿ ਕਰੀਬ 60 ਪ੍ਰਤੀਸ਼ਤ ਪਾਇਆ ਵੀ ਜਾ ਚੁੱਕਾ ਹੈ। ਪ੍ਰੰਤੂ ਸਾਡੇ ਵਾਰਡ ਨੰ: 17 ਵਿੱਚ ਤਕਰੀਬਨ 40 ਪ੍ਰਤੀਸ਼ਤ ਏਰੀਏ ਦੇ ਵਿੱਚ ਹਾਲੇ ਵੀ ਸੀਵਰੇਜ ਨਹੀਂ ਪਾਇਆ ਗਿਆ। ਬਾਕੀ ਰਹਿੰਦੇ ਏਰੀਏ ਵਿੱਚ ਵੀ ਸੀਵਰੇਜ ਦਾ ਟਟਵਾਂ ਕੰਮ ਹੀ ਕੀਤਾ ਗਿਆ ਹੈ।ਜਿਸ ਨੂੰ ਪਾਏ ਹੋਏ ਨੂੰ ਵੀ ਕਰੀਬ ਢਾਈ-ਤਿੰਨ ਸਾਲ ਬੀਤ ਚੁੱਕੇ ਹਨ। ਸਾਰੀਆਂ ਗਲੀਆਂ ਊਬੜ-ਖਾਬੜ ਹਨ। ਕੋਈ ਰਾਸਤਾ ਮੁਹੱਲਾ ਨਿਵਾਸੀਆਂ ਲਈ ਸੁੱਰਖਿਅਤ ਨਹੀਂ ਹੈ, ਬਾਰਿਸ਼ਾ ਦੇ ਦਿਨਾਂ ਵਿੱਚ ਤਾਂ ਹਾਲਾਤ ਬਦ ਤੋਂ ਬਦਤਰ ਹੁੰਦੇ ਹਨ। ਕਈ ਵਿਚਾਰਿਆਂ ਦੀਆਂ ਬਾਹਾਂ, ਚੂਲੇ ਆਦਿ ਟੁੱਟ ਚੁੱਕੇ ਹਨ, ਕੀ ਬਜ਼ੁਰਗ, ਕੀ ਬੱਚੇ, ਨੌਜਵਾਨ, ਦਿਹਾੜੀ ਮਜ਼ਦੂਰੀ ਵਾਲੇ ਲੋਕ, ਰੇਹੜੀਆਂ ਵਾਲੇ ਲੋਕ ਆਦਿ ਸਾਰੇ ਬਹੁਤ ਹੀ ਪਰੇਸ਼ਾਨ ਹਨ। ਸਾਡੇ ਮੁਹੱਲੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।
ਅਸੀਂ ਇਸ ਦਰਮਿਆਨ ਸੰਬੰਧਿਤ ਮਹਿਕਮੇ ਅਫਸਰ ਸਾਹਿਬਾਨ ਨੂੰ ਵੀ ਮਿਲੇ ਹਾਂ, ਚਿੱਠੀਆਂ ਪੱਤਰਾਂ ਰਾਹੀਂ ਵੀ ਖੂਬ ਤਰਲੇ ਕੱਢੇ ਹਨ, ਪਰ ਕਿਸੇ ਦਾ ਵੀ ਕੋਈ ਅਸਰ ਨਹੀਂ ਹੋਇਆ। ਅਸੀਂ ਐਸ.ਡੀ.ਐਮ ਜੈਤੋ ਨੂੰ ਵੀ ਕਾਫੀ ਸਮਾਂ ਪਹਿਲਾਂ ਮੰਗ ਪੱਤਰ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਮਹਿਕਮੇ ਵੱਲੋਂ ਇੱਕ ਹਫਤੇ ਅੰਦਰ ਰੁਕੇ ਕੰਮ ਨਾ ਚਲਾਏ ਗਏ ਤਾਂ ਧਰਨਾ ਮੁਜ਼ਾਹਰਾ ਕੀਤਾ ਜਾਵੇਗਾ। ਜਿਸ ਦੇ ਜਵਾਬ ਵਜੋਂ ਐਸ.ਡੀ.ਐਮ ਜੈਤੋ ਵੱਲੋਂ ਸਾਨੂੰ ਆਪਣੇ ਦਫਤਰ ਵਿਖੇ ਬੁਲਾ ਕੇ ਐਸ.ਡੀ.ਓ. ਸੀਵਰੇਜ ਬੋਰਡ, ਕਾਰਜ ਸਾਧਕ ਅਫਸਰ ਸਾਂਝੀ ਮੀਟਿੰਗ ਕੀਤੀ ਗਈ ਸੀ।
ਮੀਟਿੰਗ ਨਾਇਬ ਤਹਿਸੀਲਦਾਰ ਮੈਡਮ ਹੀਰਾ ਵੰਤੀ ਦੀ ਪ੍ਰਧਾਨਗੀ ਵਿੱਚ ਹੋਈ ਸੀ। ਜਿਸ ਵਿੱਚ ਉਕਤ ਸੀਵਰੇਜ ਬੋਰਡ ਵੱਲੋਂ ਜਲਦ ਹੀ ਕੰਮ ਚਾਲੂ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪ੍ਰੰਤੂ ਮਹਿਕਮੇਂ ਨੇ ਇੱਕ ਵਾਰ ਫਿਰ ਸਾਨੂੰ ਅਣਗੋਲਿਆ ਕਰਦਿਆ ਕੰਮ ਸ਼ੁਰੂ ਨਹੀਂ ਕੀਤਾ। ਇਸ ਸਭ ਦੇ ਚਲਦਿਆਂ ਅਸੀਂ ਅੱਜ ਆਪਣੇ ਮੰਗ ਪੱਤਰ ਰਾਹੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ 26 ਤਾਰੀਕ ਤੋਂ ਪਹਿਲਾਂ ਸਾਡਾ ਕੰਮ ਨਾ ਚਾਲੂ ਕਰਵਾਇਆ ਗਿਆ ਤਾਂ ਅਸੀਂ 26 ਤਾਰੀਕ ਤੋਂ ਐਸ.ਡੀ.ਐਮ. ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ਉੱਪਰ ਬੈਠਣ ਲਈ ਮਜ਼ਬੂਰ ਹੋਵਾਂਗੇ।