ਮਨਿੰਦਰਜੀਤ ਸਿੱਧੂ
- ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਜਰੂਰੀ-ਡੀ.ਐਸ.ਪੀ. ਪਰਮਿੰਦਰ ਸਿੰਘ
ਜੈਤੋ, 20 ਜੂਨ 2020 - ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਲਈ ਅੱਜ ਸਬ-ਡਵੀਜ਼ਨ ਜੈਤੋ ਦੇ ਡੀ.ਐਸ.ਪੀ. ਪਰਮਿੰਦਰ ਸਿੰਘ (ਪੀ.ਪੀ.ਐਸ.) ਦੀ ਅਗਵਾਈ ਵਿੱਚ ਪੁਲਿਸ ਵੱਲੋਂ ਜੈਤੋ ਸ਼ਹਿਰ ਦੇ ਬਾਜਾਰਾਂ ਵਿੱਚ ਮਾਰਚ ਕੱਢਿਆ ਗਿਆ।
ਮਾਰਚ ਦੌਰਾਨ ਪੁਲਿਸ ਕਰਮੀਆਂ ਨੇ ਹੱਥਾਂ ਵਿੱਚ ਤਖਤੀਆਂ, ਬੈਨਰ ਅਤੇ ਲੋਕਾਂ ਨੂੰ ਪਰਚੇ ਵੰਡ ਕੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਕੀ-ਕੀ ਸਾਵਧਾਨੀਆਂ ਰੱਖਣੀਆਂ ਹਨ ਬਾਰੇ ਜਾਗਰੂਕ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ. ਪਰਮਿੰਦਰ ਸਿੰਘ ਨੇ ਦੱਸਿਆ ਕਿ ਕੋਰੋਨਾ ਇੱਕ ਬਹੁਤ ਹੀ ਭਿਆਨਕ ਮਹਾਂਮਾਰੀ ਹੈ, ਜਿਸਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲਿਆ ਸੋ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਸਾਨੂੰ ਵਾਰ ਵਾਰ ਆਪਣੇ ਹੱਥ ਧੋਣੇ ਚਾਹੀਦੇ ਹਨ, ਮੂੰਹ ਤੇ ਮਾਸਕ ਪਾਕੇ ਰੱਖਣਾ ਚਾਹੀਦਾ ਹੈ, ਆਪਸ ਵਿੱਚ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਭੀੜ ਵਾਲੀਆਂ ਜਗ੍ਹਾ ਤੇ ਜਾਣ ਤੋਂ ਬਚਣਾ ਚਾਹੀਦਾ ਹੈ, ਖੰਘਦੇ ਅਤੇ ਛਿਕਦੇ ਸਮੇਂ ਮੂੰਹ ਤੇ ਰੁਮਾਲ ਰੱਖਣਾ ਆਦਿ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਬਾਜ਼ਾਰ ਵਿੱਚ ਬਿਨ੍ਹਾ ਮਾਸਕ ਤੋਂ ਘੁੰਮਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ।ਇਸ ਮੌਕੇ ਥਾਣਾ ਜੈਤੋ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਅਤੇ ਦੂਜਿਆ ਨੂੰ ਬਚਾਉਣ ਲਈ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ।
ਇਸ ਮੌਕੇ ਥਾਣਾ ਬਾਜਾਖਾਨਾ ਦੇ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਇਸ ਮਾਰਚ ਵਿੱਚ ਸਹਿਯੋਗ ਦੇਣ ਤੇ ਗੁਰੂ ਨਾਨਕ ਸੇਵਾ ਸੋਸਾਇਟੀ ਰੋੜੀਕਪੂਰਾ ਦੇ ਪ੍ਰਧਾਨ ਜਸਪਾਲ ਸਿੰਘ “ਜੱਸਾ” ਦਾ ਧੰਨਵਾਦ ਕੀਤਾ ਅਤੇ ਉਹਨਾਂ ਦੀ ਟੀਮ ਨੂੰ ਪੰਜਾਬ ਪੁਲਿਸ ਵਲੰਟੀਅਰ ਦੀਆਂ ਟੀ.ਸ਼ਰਟਾਂ ਵੀ ਦਿੱਤੀਆਂ। ਇਸ ਮੌਕੇ ਜੈਤੋ ਟ੍ਰੈਫਿਕ ਇੰਚਾਰਜ਼ ਏ.ਐਸ.ਆਈ. ਸਵਰਨਜੀਤ ਸਿੰਘ ਸੇਖੋਂ, ਏ.ਐਸ.ਆਈ ਰਜਿੰਦਰ ਸਿੰਘ ਬਾਜਾ, ਏ.ਐਸ.ਆਈ. ਦਲਜੀਤ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ, ਏ.ਐਸ.ਆਈ. ਜਗਰੂਪ ਸਿੰਘ, ਕਾਂਸਟੇਬਲ ਜਗਸੀਰ ਸਿੰਘ ਜੱਗੂ, ਕਾਂਸਟੇਬਲ ਗੁਰਪ੍ਰੀਤ ਸਿੰਘ ਹਰੀ ਨੌਂ ਆਦਿ ਹਾਜਰ ਸਨ।