ਮਨਿੰਦਰਜੀਤ ਸਿੱਧੂ
- ਜੇਕਰ ਰੈਗੂਲਰ ਦੀ ਮੰਗ ਨਾ ਮੰਨੀ ਗਈ ਤਾਂ 26 ਜੂਨ ਨੂੰ ਹੈੱਡ ਕੁਆਟਰ ਮੋਹਾਲੀ ਵਿਕਾਸ ਭਵਨ ਨੂੰ ਘੇਰਿਆ ਜਾਵੇਗਾ
ਜੈਤੋ, 23 ਜੂਨ 2020 - ਅੱਜ ਮਗਨਰੇਗਾ ਕਰਮਚਾਰੀ ਯੂਨੀਅਨ ਬਲਾਕ ਜੈਤੋ ਵੱਲੋਂ ਪਿਛਲੇ ਲਗਭਗ 12-13 ਸਾਲ ਤੋਂ ਵਿਭਾਗ ਅਧੀਨ ਠੇਕਾ ਠੇਕਾ ਪ੍ਰਣਾਲੀ ਅਧੀਨ ’ਤੇ ਨੌਕਰੀ ਕਰ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਵਿੱਚ ਮਰਜ ਕਰਕੇ ਰੈਗੂਲਰ ਕਰਵਾਉਣ ਲਈ 18 ਜੂਨ ਤੋਂ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਲਗਭਗ 1600 ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਮਾਪਦੰਡਾਂ ਅਨੁਸਾਰ ਹੋਈ ਹੈ।ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਿੱਧੀ ਭਰਤੀ ਵਾਲੇ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪੱਕੇ ਕੀਤਾ ਜਾਵੇਗਾ। ਇਸ ਲੜੀ ਤਹਿਤ ਸਰਵ-ਸਿੱਖਿਆ ਅਭਿਆਨ ਅਤੇ ਰਮਸਾ ਦੇ ਅਧਿਆਪਕਾਂ ਨੂੰ ਰੈਗੂਲਰ ਕਰ ਵੀ ਦਿੱਤਾ ਗਿਆ ਹੈ। ਨਰੇਗਾ ਮੁਲਾਜ਼ਮਾਂ ਵੱਲੋਂ ਵੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਸੰਘਰਸ਼ ਕੀਤਾ ਜਾ ਰਿਹਾ ਹੈ।
ਪਿਛਲੇ ਸਾਲ ਵੀ 16 ਸਤੰਬਰ ਤੋਂ 1 ਅਕਤੂਬਰ ਤੱਕ ਚੱਲੇ ਜੋਰਦਾਰ ਸੰਘਰਸ਼ ਤੋਂ ਬਾਅਦ ਪੈਨਲ ਮੀਟਿੰਗ ਕਰਕੇ ਇੱਕ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸਨੇ ਉਪਰੋਕਤ ਪੱਕੇ ਅਧਿਆਪਕਾਂ ਦੀ ਤਰਜ ਤੇ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜਣਾ ਸੀ।ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਗਠਿਤ ਕਮੇਟੀ ਨਾਲ ਵਾਰ-ਵਾਰ ਮੀਟਿੰਗਾਂ ਵੀ ਕੀਤੀਆਂ ਗਈਆਂ ਪ੍ਰੰਤੂ ਅੱਜ ਨੌਂ ਮਹੀਨੇ ਬੀਤ ਜਾਣ ਤੇ ਵੀ ਸਿਰਫ ਝੂਠੇ ਲਾਰੇ ਲਾਏ ਜਾ ਰਹੇ ਹਨ।ਇਸ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਵਿੱਚੋਂ 90% ਕੰਮ ਨਰੇਗਾ ਅਧੀਨ ਹੋ ਰਹੇ ਹਨ।
ਪੰਜਾਬ ਸਰਕਾਰ ਖਾਲੀ ਖਜਾਨੇ ਦਾ ਬਹਾਨਾ ਲਾ ਕੇ ਵਿਕਾਸ ਕਾਰਜ ਪੂਰੀ ਤਰ੍ਹਾਂ ਮਗਨਰੇਗਾ ਤੋਂ ਹੀ ਕਰਵਾਉਣਾ ਚਾਹੁੰਦੀ ਹੈ।ਸਾਲ 2019-2020 ਦੌਰਾਨ ਰਿਕਾਰਡ 767 ਕਰੋੜ ਰੁਪਏ ਖਰਚ ਹੋਏ ਹਨ।ਜਿਸਦੀ ਮੁੱਖ ਮੰਤਰੀ ਪੰਜਾਬ ਵੱਲੋਂ ਹੋਰਡਿੰਗ ਲਗਾ ਕੇ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ ਹੈ। ਜਿਸਦਾ ਸਿਹਰਾ ਨਰੇਗਾ ਸਟਾਫ਼ ਨੂੰ ਜਾਂਦਾ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਨਰੇਗਾ ਤੋਂ ਇਲਾਵਾ ਹੜਾਂ ਦੀ ਸਮੱਸਿਆ,ਪ੍ਰਧਾਨ ਮੰਤਰੀ ਆਵਾਸ ਯੋਜਨਾ,ਸਰਬੱਤ ਵਿਕਾਸ ਯੋਜਨਾ,ਮਿਸ਼ਨ ਅਣਤੋਦਿਆ,ਆਟਾ-ਦਾਲ ਵੈਰੀਫਿਕੇਸ਼ਨ,ਚੋਣ ਡਿਊਟੀਆਂ ਅਤੇ ਕੋਰੋਨਾ ਦੌਰਾਨ ਨਰੇਗਾ ਮੁਲਾਜ਼ਮਾਂ ਐਮਰਜੈਂਸੀ ਡਿਊਟੀਆਂ ਵੀ ਬਿਨਾਂ ਕਿਸੇ ਵਾਧੂ ਲਾਭ ਲਏ, ਕੀਤੀਆਂ ਹਨ।
ਅੱਜ ਨਰੇਗਾ ਸਟਾਫ਼ ਨੂੰ ਨਰੇਗਾ ਅਧੀਨ ਵੱਧ ਤੋਂ ਵੱਧ ਖਰਚਾ ਕਰਨ ਦੇ ਦਿੱਤੇ ਜਾ ਰਹੇ ਟੀਚਿਆਂ ਨੂੰ ਹਾਸਲ ਕਰਨ ਦੇ ਹੁਕਮ ਚਾੜੇ ਜਾ ਰਹੇ ਹਨ ਅਤੇ ਟੀਚੇ ਹਾਸਲ ਨਾ ਕਰਨ ਤੇ ਅਫਸਰਸ਼ਾਹੀ ਵੱਲੋਂ ਨੌਕਰੀ ਤੋਂ ਕੱਢਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ,ਜਦੋਂਕਿ ਨਰੇਗਾ ਕਾਨੂੰਨ “ਕੰਮ ਦੀ ਮੰਗ“ ਨਾਲ ਸੰਬੰਧਤ ਹੈ। ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਵਿਭਾਗ ਵੱਲੋਂ ਜੂਨੀਅਰ ਇੰਜੀਨੀਅਰਾਂ ਦੀ ਨਵੀਂ ਭਰਤੀ ਕਰਨ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਜਦੋਂ ਕਿ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਨੇ ਤਕਨੀਕੀ ਸਹਾਇਕਾਂ ਨੂੰ ਮਰਜ ਕਰਨ ਤੇ ਯੂਨੀਅਨ ਨਾਲ ਸਹਿਮਤੀ ਪ੍ਰਗਟਾਈ ਹੋਈ ਸੀ।
ਇਸਤੋਂ ਪਹਿਲਾਂ ਵੀ ਵਿਭਾਗ ਵੱਲੋਂ ਨਰੇਗਾ ਸੈਕਟਰੀਆਂ ਨੂੰ ਅੱਖੋਂ-ਪਰੋਖੇ ਕਰਕੇ ਪੰਚਾਇਤ ਸਕੱਤਰਾਂ ਦੀ ਭਰਤੀ,ਕਲੈਰੀਕਲ ਸਟਾਫ਼ ਨੂੰ ਅੱਖੋਂ-ਪਰੋਖੇ ਕਰਕੇ ਸਟੈਨੋਗ੍ਰਾਫਰਾਂ ਦੀ ਭਰਤੀ ਅਤੇ ਨਰੇਗਾ ਜੇ.ਈਜ ਦਾ ਹੱਕ ਮਾਰ ਕੇ ਸਿੱਖਿਆ ਬੋਰਡ ਦੇ ਜੇ.ਈਜ ਪੰਚਾਇਤ ਵਿਭਾਗ ਵਿੱਚ ਪੱਕੀਆਂ ਪੋਸਟਾਂ ਤੇ ਲਾਏ ਜਾ ਚੁੱਕੇ ਹਨ।ਜਿਸ ਕਾਰਨ ਨਰੇਗਾ ਮੁਲਾਜ਼ਮਾਂ ਵਿੱਚ ਗਹਿਰਾ ਰੋਸ਼ ਪਾਇਆ ਜਾ ਰਿਹਾ ਹੈ।ਅੱਕੇ ਹੋਏ ਮੁਲਾਜ਼ਮਾਂ ਨੇ 18 ਜੂਨ ਤੋਂ ਮੁੜ ਆਪਣਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ।
ਵਿਭਾਗ ਦੇ ਆਲਾ ਅਧਿਕਾਰੀ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੁਆਰਾ ਮੁਲਾਜ਼ਮਾਂ ਦੇ ਮਸਲਿਆਂ ਦਾ ਠੋਸ ਹੱਲ ਕਰਨ ਦੀ ਬਜਾਏ,ਆਊਟਸ਼ੋਰਸਿੰਗ ਭਰਤੀ ਕਰਕੇ ਅਤੇ ਉਧਾਰੇ ਮੁਲਾਜ਼ਮ ਲੈ ਕੇ ਨਰੇਗਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਠੱਪ ਪਏ ਵਿਕਾਸ ਕਾਰਜਾਂ ਨੂੰ ਚਾਲੂ ਕਰਵਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਵਿਭਾਗ ਵੱਲਂ ਜ਼ੋ ਆਊਟਸੋਰਸਿੰਗ ਭਰਤੀ ਕਰਨ ਦੇ ਜੋ ਪੱਤਰ ਜਾਰੀ ਕੀਤੇ ਗਏ ਹਨ ਉਹ ਅੱਜ ਪੰਜਾਬ ਭਰ ਵਿੱਚ ਸਮੂਹ ਮਗਨਰੇਗਾ ਮੁਲਾਜਮਾਂ ਵੱਲੋ ਜ਼ਿਲਾ ਪੱਧਰ ਤੇ ਪੱਤਰ ਸਾੜਕੇ ਰੋਸ ਪ੍ਰਦਸ਼ਨ ਕੀਤਾ ਗਿਆ।
ਉਹਨਾਂ ਕਿਹਾ ਕਿ ਅਸੀਂ ਪੰਚਾਇਤ ਵਿਭਾਗ ਵਿੱਚ ਡਿਊਟੀ ਕਰ ਰਹੀਆਂ ਸਮੁੱਚੀਆਂ ਮੁਲਾਜ਼ਮ ਜਥੇਬੰਦੀਆਂ ਨੂੰ ਇਸ ਸੰਘਰਸ਼ ਦੀ ਹਮਾਇਤ ਕਰਨ ਦੀ ਅਪੀਲ ਵੀ ਕੀਤੀ ਹੈ। ਉਹਨਾਂ ਪੰਚਾਇਤ ਮੰਤਰੀ ਤੋਂ ਮੰਗ ਕੀਤੀ ਕਿ ਨਰੇਗਾ ਮੁਲਾਜ਼ਮਾਂ ਨੂੰ ਸਰਵ-ਸਿੱਖਿਆ ਅਭਿਆਨ ਅਤੇ ਰਮਸਾ ਅਧਿਆਪਕਾਂ ਦੀ ਤਰਜ ਤੇ ਰੈਗੂਲਰ ਕਰਨ ਦਾ ਕੇਸ ਕੈਬਨਿਟ ਵਿੱਚੋਂ ਪਾਸ ਕਰਵਾਉਣ।ਜੇਕਰ ਨਰੇਗਾ ਮੁਲਾਜ਼ਮਾਂ ਦੀ ਸੁਣਵਾਈ ਕਰਨ ਦੀ ਬਜਾਏ ਇਸੇ ਤਰਾਂ ਝੂਠੇ ਲਾਰੇ ਲਾਏ ਗਏ ਤਾਂ ਇਸ ਸੰਘਰਸ਼ ਨੂੰ ਕਿਸੇ ਵੀ ਕੀਮਤ ਤੇ ਮੁਲਤਵੀ ਨਾ ਕਰਕੇ ਆਉਣ ਵਾਲੇ ਸੁਕਰਵਾਰ ਨੂੰ 26 ਜੂਨ ਹੈੱਡ ਕੁਆਟਰ ਮੋੋਹਾਲੀ ਵਿਕਾਸ ਭਵਨ ਦਾ ਘਿਰਾਉ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਸ੍ਰੀ ਵਿਨੈ ਕੁਮਾਰ ਏ.ਪੀ.ਓ, ਜਗਜੀਤ ਸਿੰਘ ਜੇ.ਈ., ਸ੍ਰੀ ਗੰਗਾ ਸਿੰਘ, ਹਰਬੰਸ ਸਿੰਘ, ਜ਼ਸਪ੍ਰੀਤ ਸਿੰਘ, ਬਲਕਰਨ ਸਿੰਘ, ਜਰਨੈਲ ਸਿੰਘ, ਸੁੱਖਮੰਦਰ ਸਿੰਘ ਵੀ ਹਾਜਰ ਸਨ।