ਮਨਿੰਦਰਜੀਤ ਸਿੱਧੂ
ਜੈਤੋ, 25 ਜੂਨ 2020 - ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਡੀਸੀ ਫ਼ਰੀਦਕੋਟ ਦੀ ਗੈਰ ਮੌਜੂਦਗੀ ਵਿੱਚ ਏ.ਡੀ.ਸੀ. ਗੁਰਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਡੀ.ਟੀ.ਐਫ ਹਰਜਿੰਦਰ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਗੁਰਿੰਦਰਪਾਲ ਸਿੰਘ ਸਦਿਉੜਾ ਦੀ ਅਗਵਾਈ ਵਿਚ ਮੁੱਖ ਮੰਤਰੀ ਨੂੰ ਸੰਬੋਧਿਤ ਇੱਕ ਮੰਗ ਪੱਤਰ ਸੌਂਪਿਆ ਗਿਆ।
ਜਿਸ ਵਿੱਚ ਮੁੱਖ ਤੌਰ 'ਤੇ ਪਿਕਟਸ ਸੋਸਾਇਟੀ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆ ਕੇ ਪੱਕਾ ਕਰਨਾ , ਐੱਨ.ਐੱਸ.ਕਿਊ.ਐੱਫ ਅਧੀਨ ਕੰਮ ਕਰਦੇ ਮੁਲਾਜ਼ਮ, ਆਦਰਸ਼ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਰਾਹੀਂ ਰੈਗੂਲਰ ਕਰਨਾ, ਆਨਲਾਈਨ ਸਿੱਖਿਆ ਖ਼ਤਮ ਕਰਕੇ ਪੜਾਅ ਵਾਰ ਢੰਗ ਨਾਲ ਵਿਉਂਤਬੱਧ ਵਿਧੀ ਅਪਣਾ ਕੇ ਸਕੂਲੀ ਸਿੱਖਿਆ ਸ਼ੁਰੂ ਕਰਨਾ, ਤਰੱਕੀਆਂ ਵਿੱਚ 75 ਪ੍ਰਤੀਸ਼ਤ ਦਾ ਕੋਟਾ ਬਹਾਲ ਰੱਖਣਾ, ਮੌਜੂਦਾ ਸੈਸ਼ਨ ਵਿੱਚ ਸਕੂਲ ਦੇ ਸਿਲੇਬਸ ਨੂੰ ਘੱਟ ਕਰਨਾ, ਫਰੀਦਕੋਟ ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਦੌਰਾਨ ਜਾਰੀ ਕੀਤੇ ਗਏ ਨੋਟਿਸ ਵਾਲੇ ਅਧਿਆਪਕਾਂ ਨੂੰ ਕਲੀਨ ਚਿੱਟ ਦੇਣਾ ,ਗ੍ਰਹਿ ਜ਼ਿਲ੍ਹਿਆਂ ਤੋਂ ਬਾਹਰ ਭਰਤੀ ਹੋਈ ਅਤੇ ਤਰੱਕੀ ਰਾਹੀਂ ਆਪਣੇ ਜ਼ਿਲ੍ਹੇ ਤੋਂ ਬਾਹਰ ਹੋਰ ਸਕੂਲ ਵਿੱਚ ਹਾਜ਼ਰ ਹੋਏ ਮੁਲਾਜ਼ਮਾਂ ਨੂੰ ਬਦਲੀ ਕਰਾਉਣ ਦੇ ਵਿਸ਼ੇਸ਼ ਅਧਿਕਾਰ ਦੇਣਾ, ਖਾਲੀ ਪੋਸਟਾਂ ਤੇ ਭਰਤੀ ਕਰਨ ਲਈ ਇਸ਼ਤਿਹਾਰ ਦੇਣਾ ਆਦਿ ਪ੍ਰਮੁੱਖ ਮੰਗਾਂ ਨੂੰ ਉਭਾਰਦਾ ਮੰਗ ਪੱਤਰ ਦਿੱਤਾ ਗਿਆ ।ਮੰਗ ਪੱਤਰ ਦੇਣ ਸਮੇਂ ਹਰਜਿੰਦਰ ਢਿੱਲੋਂ , ਗੁਰਿੰਦਰਪਾਲ ਸਿੰਘ, ਚੰਦਰਪਾਲ ਜੋਸ਼ੀ ,ਵੇਦ ਪ੍ਰਕਾਸ਼ ਜੋਸ਼ੀ, ਇਕੱਤਰ ਸਿੰਘ ਅਤੇ ਨਛੱਤਰ ਸਿੰਘ ਹਾਜ਼ਰ ਸਨ।