ਲੋਕੇਸ਼ ਰਿਸ਼ੀ
ਗੁਰਦਾਸਪੁਰ, 28 ਜੂਨ 2020 - ਸਨਅਤੀ ਸ਼ਹਿਰ ਬਟਾਲਾ ਵਿਖੇ 24 ਘੰਟਿਆਂ ਦੇ ਅੰਦਰ ਅੰਦਰ ਦੋ ਵੱਖ-ਵੱਖ ਵਾਰਦਾਤਾਂ 'ਚ ਦੋ ਕਤਲ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ ਪਹਿਲੇ ਮਾਮਲੇ 'ਚ ਇੱਕ ਮੰਦਬੁੱਧੀ ਵਿਅਕਤੀ ਵੱਲੋਂ ਅਰਾਮ ਕਰ ਰਹੇ ਖੇਤ ਮਜ਼ਦੂਰ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਸ ਮੁਲਜ਼ਮ ਕਾਫ਼ੀ ਸਮਾਂ ਲਾਸ਼ ਕੋਲ ਬੈਠ ਕੇ ਹੱਸਦਾ ਰਿਹਾ। ਉੱਥੇ ਹੀ ਦੂਜੇ ਮਾਮਲੇ ਵਿੱਚ ਨਾਜਾਇਜ਼ ਸਬੰਧਾਂ ਕਾਰਨ ਇੱਕ ਵਿਆਹੁਤਾ ਔਰਤ ਨੂੰ ਉਸ ਦੇ ਹੀ ਕੁਆਰੇ ਪ੍ਰੇਮੀ ਵੱਲੋਂ ਪ੍ਰੇਮੀ ਤੇਜ਼ ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਾਲਾਂ ਕਿ ਇਸ ਘਟਨਾ ਦੌਰਾਨ ਮਿਰਤਕ ਔਰਤ ਦੀ ਇੱਕ ਸਹੇਲੀ ਵੀ ਜ਼ਖ਼ਮੀ ਦੱਸੀ ਜਾ ਰਹੀ ਹੈ।
ਫ਼ਿਲਹਾਲ ਇਹ ਦੋਵੇਂ ਮਾਮਲੇ ਬਟਾਲਾ ਪੁਲਿਸ ਵੱਲੋਂ ਪਹਿਲੇ ਮਾਮਲੇ ਦੇ ਮੁਲਜ਼ਮ ਨੂੰ ਲਾਸ਼ ਦੇ ਕੋਲੋਂ ਹੀ ਕਾਬੂ ਕਰ ਲਿਆ ਗਿਆ। ਜਦੋਂ ਕੀ ਦੂਜੇ ਮਾਮਲੇ ਵਿੱਚ ਕਤਲ ਦਾ ਦੋਸ਼ੀ ਫ਼ਰਾਰ ਦੱਸਿਆ ਜਾ ਰਿਹਾ ਹੈ। ਫ਼ਿਲਹਾਲ ਦੋਹਾਂ ਮਾਮਲਿਆਂ 'ਚ ਬਟਾਲਾ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਤਹਿਕੀਕਾਤ ਕਰ ਰਹੀ ਹੈ।
ਪਹਿਲੇ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਟਾਲਾ ਦੇ ਨਾਲ ਲੱਗਦੇ ਪਿੰਡ ਪਿੰਡ ਘਸੀਟ ਪੁਰਾ ਦੇ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਜਾਰਜ ਮਸੀਹ ਵਾਸੀ ਬਾਉਲੀ ਇੰਦਰਜੀਤ ਉਸ ਦੇ ਖੇਤਾਂ ਵਿਖੇ ਖੇਤ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ ਅਤੇ ਰੋਟੀ ਖਾਣ ਤੋਂ ਬਾਦ ਅਰਾਮ ਕਰ ਰਿਹਾ ਸੀ। ਇਸੇ ਦੌਰਾਨ ਹੀ ਇੱਕ ਦਿਮਾਗ਼ੀ ਰੂਪ ਵਿੱਚ ਬਿਮਾਰ ਪ੍ਰਵਾਸੀ ਮਜ਼ਦੂਰ ਵੱਲੋਂ ਲਾਗੇ ਪਈ ਕਹੀ ਨਾਲ ਜਾਰਜ ਮਸੀਹ ਉੱਪਰ ਵਾਰ ਕਰਨੇ ਸ਼ੁਰੂ ਕਰ ਦਿੱਤੇ ਗਏ ਅਤੇ ਇਸ ਘਟਨਾ ਦੌਰਾਨ ਜਾਰਜ ਮਸੀਹ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਹ ਪ੍ਰਵਾਸੀ ਮਜ਼ਦੂਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਦ ਕਿਨ੍ਹਾਂ ਚਿਰ ਜਾਰਜ ਮਸੀਹ ਲਾਸ਼ ਕੋਲ ਬੈਠ ਕੇ ਹੱਸਦਾ ਰਿਹਾ ਅਤੇ ਘਟਨਾ ਤੋਂ ਬਾਦ ਪੁਲਿਸ ਨੂੰ ਬੁਲਵਾ ਕੇ ਉਸ ਪ੍ਰਵਾਸੀ ਮਜ਼ਦੂਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਵਿੱਚ ਥਾਣਾ ਸਦਰ ਦੇ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਿਮਾਗ਼ੀ ਰੂਪ ਵਿੱਚ ਬਿਮਾਰ ਹੋਣ ਕਾਰਨ ਆਪਣਾ ਨਾਮ ਪਤਾ ਦੱਸਣ ਵਿੱਚ ਅਸਮਰਥ ਹੈ ਅਤੇ ਫ਼ਿਲਹਾਲ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਸੇ ਤਰਾਂ ਦੂਸਰੇ ਕਤਲ ਦੇ ਮਾਮਲਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਏ.ਐੱਸ.ਆਈ ਅਸ਼ੋਕ ਕੁਮਾਰ ਨੇ ਦੱਸਿਆ। ਕਿ ਬੀਤੀ ਦੇਰ ਰਾਤ ਇੱਕ ਸੋਨੂੰ ਨਾਮ ਦੇ ਨੌਜਵਾਨ ਵੱਲੋਂ ਇੱਥੋਂ ਦੇ ਇਲਾਕਾ ਗਾਂਧੀ ਕੈਂਪ ਬਸਤੀ ਵਿਖੇ ਰਹਿਣ ਵਾਲੀ ਸ਼ੀਤਲ ਨਾਮ ਦੀ ਔਰਤ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਤੱਖਦੋਸ਼ੀਆਂ ਅਤੇ ਸ਼ਿਕਾਇਤ ਕਰਤਾ ਵੱਲੋਂ ਪੁਲਿਸ ਨੂੰ ਦਰਕ ਕਰਵਾਏ ਬਿਆਨਾਂ ਮੁਤਾਬਿਕ ਮਿਰਤਕ ਔਰਤ ਸ਼ੀਤਲ ਵਿਆਹੁਤਾ ਸੀ ਅਤੇ ਉਸ ਦੇ 3 ਬੱਚੇ ਸਨ। ਜਦ ਕਿ ਉਸ ਦੇ ਪ੍ਰੇਮ ਸਬੰਧ ਸੋਨੂੰ ਨਾਮ ਦੇ ਕੁਆਰੇ ਨੌਜਵਾਨ ਨਾਲ ਚੱਲ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਕੁਝ ਗੱਲਾਂ ਨੂੰ ਲੈ ਕੇ ਇਹ ਜੋੜਾਂ ਆਪਸ ਵਿੱਚ ਉਲਝ ਗਿਆ ਅਤੇ ਇਸੇ ਕਾਰਨ ਸ਼ੀਤਲ ਆਪਣੀ ਇੱਕ ਸਹੇਲੀ ਨੂੰ ਲੈ ਕੇ ਸੋਨੂੰ ਦੇ ਘਰ ਪਹੁੰਚ ਗਈ। ਜਿਸ ਤੋਂ ਬਾਅਦ ਸੋਨੂੰ ਨੇ ਤੇਜ਼ ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੌਰਾਨ ਮਿਰਤਕ ਔਰਤ ਦੀ ਸਹੇਲੀ ਵੀ ਮੌਕੇ ਤੇ ਮੌਜੂਦ ਸੀ ਅਤੇ ਇਸ ਵਾਰਦਾਤ ਦੌਰਾਨ ਦੋਹਾਂ ਨੂੰ ਛਡਵਾਉਂਦੇ ਹੋਏ ਮਿਰਤਕ ਦੀ ਸਹੇਲੀ ਵੀ ਜ਼ਖ਼ਮੀ ਹੋ ਗਈ।
ਏ.ਐੱਸ.ਆਈ ਅਸ਼ੋਕ ਕੁਮਾਰ ਨੇ ਦੱਸਿਆ ਅਖੀਰ ਵਿੱਚ ਦੱਸਿਆ ਕਿ ਪ੍ਰਤੱਖ ਦਰਸ਼ੀਆਂ ਅਤੇ ਸ਼ਿਕਾਇਤ ਕਰਤਾ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਨੂੰ ਅਧਾਰ ਬਣਾ ਕੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫ਼ਿਲਹਾਲ ਮੁਲਜ਼ਮ ਸੋਨੂੰ ਫ਼ਰਾਰ ਚੱਲ ਰਿਹਾ ਹੈ ਅਤੇ ਪੁਲਿਸ ਵੱਲੋਂ ਪੂਰੇ ਮਾਮਲੇ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।