ਅਸ਼ੋਕ ਵਰਮਾ
ਬਠਿੰਡਾ, 28 ਜੂਨ 2020 - ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ’ਚ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੀ ਅੰਦਰੂਨੀ ਦਿੱਖ ਤੇ ਹਰਿਆਲੀ ਵਾਲਾ ਵਾਤਾਵਰਨ ਪ੍ਰਾਈਵੇਟ ਕਾਨਵੈਂਟ ਸਕੂਲਾਂ ਦੀ ਮੜਕ ਭੰਨਣ ਲੱਗਿਆ ਹੈ। ਅਧਿਆਪਕਾਂ ਦੀ ਸਖਤ ਮਿਹਨਤ ਨੇ ‘ਕੱਕੇ ਰੇਤੇ’ ਲਈ ਮਸ਼ਹੂਰ ਰਹੇ ਇਸ ਇਲਾਕੇ ’ਚ ਸਕੂਲ ਦੇ ਬਦਲੇ ਦਿਨਾਂ ਨੇ ਭਰਮ ਭੁਲੇਖੇ ਖਤਮ ਕਰ ਦਿੱਤੇ ਹਨ। ਇਸ ਸਕੂਲ ਦੇ ਅਧਿਆਪਕਾਂ ਨੇ ‘ਸਰਕਾਰੀ ਸਕੂਲ-ਜ਼ਿੰਦਾਬਾਦ’ ਦਾ ਨਾਅਰਾ ਬੁਲੰਦ ਕੀਤਾ ਹੈ। ਇਹ ਸਮਾਰਟ ਸਕੂਲ ਇਕੱਲੀ ਸਿੱਖਿਆ ਹੀ ਨਹੀਂ ਦਿੰੰਦਾ ਬਲਕਿ ਇਖਲਾਕੀ ਵਿੱਦਿਆ ਵੀ ਪੜਾਉਂਦਾ ਹੈ। ਸਰਕਾਰੀ ਸਕੂਲ ਦੀ ਇਸ ਮਮਟੀ ’ਤੇ ਮਾਣ ਦਾ ਦੀਵਾ ਜਗਾਉਣ ਵਾਲੇ ਪ੍ਰਿੰਸੀਪਲ ਪ੍ਰੀਤ ਇੰਦਰ ਘਈ ਹੁਣ ਬਦਲ ਕੇ ਹੋਰ ਸਕੂਲ ਚਲੇ ਗਏ ਹਨ ਪਰ ਉਨਾਂ ਦੀ ਅਗਵਾਈ ਹੇਠ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਧਿਆਪਕਾਂ ਨੇ ਵਰਿਆਂ ਦੇ ਖੱਪੇ ਨੂੰ ਭਰਿਆ ਹੈ। ਪ੍ਰੀਤਇੰਦਰ ਘਈ ਲਈ ਸਕੂਲ ਤੋਂ ਵੱਡਾ ਕੋਈ ਮੰਦਰ ਨਹੀਂ। ਹੁਣ ਬੱਚਿਆਂ ਲਈ ਸਭ ਸੁੱਖ ਅਰਾਮ ਤਿਆਗ ਦਿੱਤੇ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।
ਅਧਿਆਪਕਾਂ ਦੇ ਸਾਂਝੇ ਯਤਨਾਂ ਨਾਲ ਬੱਚੀਆਂ ਦੀ ਸਿੱਖਿਆ ਦੇ ਨਵੇਂ ਰਾਹ ਮੋਕਲੇ ਹੋਏ ਹਨ। ਹੁਣ ਸਕੂਲ ਸੈਕੰਡਰੀ ਸਿੱਖਿਆ ਦੇ ਵਿੱਦਿਅਕ ਨਕਸ਼ੇ ਤੇ ਚਮਕਿਆ ਹੈ। ਕੋਈ ਸਮਾਂ ਸੀ ਜਦੋਂ ਇਹ ਸਕੂਲ ਆਮ ਸਕੂਲਾਂ ਦੀ ਤਰਾਂ ਹੀ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਤੋਂ ਊਣਾ ਸੀ । ਅਧਿਆਪਕਾਂ ਨੇ ਨਕਸ਼ ਤਰਾਸ਼ਣ ਲਈ ਹੱਥ ਮਿਲਾਏ ਅਤੇ ਸਹਿਯੋਗ ਦੇਣ ਵਾਲਿਆਂ ਨੇ ਅੱਗੇ ਹੋਕੇ ਰਾਹ ਦਿਖਾਇਆ ਤਾਂ ਸਕੂਲ ਦਾ ਮੁਹਾਂਦਰਾ ਬਦਲਦਿਆਂ ਦੇਰ ਨਹੀਂ ਲੱਗੀ। ਹੁਣ ਇਲਾਕੇ ਦੇ ਲੋਕ ਮਾਣ ਕਰਦੇ ਹਨ ਕਿ ਧੀਆਂ ਧਿਆਣੀਆਂ ਦੇ ਪੜਨ ਲਈ ਸਿਰਫ ਸਕੂਲ ਹੀ ਨਹੀਂ ਵਿੱਦਿਆ ਦਾ ਮੰਦਰ ਬਣ ਗਿਆ ਹੈ। ਅਹਿਮ ਤੱਥ ਹੈ ਕਿ ਪੰਜਾਬ ਦੇ ਇਹ ਪਹਿਲਾ ਸਕੂਲ ਹੈ ਜਿੱਥੇ ਬੱਚਿਆਂ ਅਤੇ ਅਧਿਆਪਕਾਂ ਦੀ ਬਾਇਓਮੀਟ੍ਰਕ ਹਾਜਰੀ ਲੱਗਦੀ ਹੈ। ਜਦੋਂ ਬੱਚਾ ਸਕੂਲ ਤੋਂ ਚੱਲਦਾ ਹੈ ਜਾਂ ਪੁੱਜਦਾ ਹੈ ਤਾਂ ਮਾਪਿਆਂ ਦੇ ਫੋਨ ਤੇ ਮੈਸੇਜ਼ ਚਲਾ ਜਾਂਦਾ ਹੈ। ਇਸ ਨਾਲ ਬੱਚਿਆਂ ’ਚ ਅਨੁਸ਼ਾਸ਼ਨ ਵਧਿਆ ਹੈ ਅਤੇ ਉਨਾਂ ਦੀ ਸੁਰੱਖਿਆ ਵੀ ਵਧ ਗਈ ਹੈ। ਸਕੂਲ ਦੀ ਹਰ ਕਲਾਸ ਰੂਮ ’ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਜਿੰਨਾਂ ਨਾਲ ਬੱਚਿਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰਹਿੰਦੀ ਹੈ।
ਸਕੂਲ ’ਚ ਸਮਾਰਟ ਪ੍ਰੋਜੈਕਟਰਾਂ ਅਤੇ ਈ-ਕੰਟੈਂਟ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ। ਆਧੁਨਿਕ ਕੰਪਿਊਟਰ ਲੈਬ ਅਤੇ ਗਿਆਨ ਦੀ ਵਰਖਾ ਕਰਦੇ ਮਾਟੋਆਂ ਨਾਲ ਰੰਗਿਆਂ ਹੋਇਆ ਸਕੂਲ ਦਾ ਹਰ ਕੋਨਾ ਆਪਣੇ ਮੰਤਵ ਬਾਰੇ ਖੁਦ ਬਿਆਨ ਕਰਦਾ ਹੈ। ਸਕੂਲ ਦੇ ਅੰੰਦਰ ਵਰਕਿੰਗ ਸਾਇੰਸ ਮਾਡਲ ਲੱਗੇ ਹੋਏ ਹਨ, ਮੈਥ ਪਾਰਕ, ਖੇਡ ਸੱਭਿਆਚਾਰ ਨੂੰ ਵਿਕਸਤ ਕਰਨਾ ਅਤੇ ਸਭਿਆਚਾਰਕ ਤੇ ,ਸਾਹਿਤਕ ਮੁਕਾਬਲਿਆਂ ’ਚ ਵੀ ਸਕੂਲ ਨੇ ਮੱਲਾਂ ਮਾਰੀਆਂ ਹਨ। ਸਕੂਲ ਦੀ ਲਾਇਬਰੇਰੀ ਪੰਜਾਬੀ ਬੋਲੀ ਨੂੰ ਸਮਰਪਿਤ ਹੈ ਜਿਸ ਨੂੰ ਇੱਕ ਵੱਖਰੇ ਤੇ ਗਿਆਨ ਭਰਪੂਰ ਤਰੀਕੇ ਨਾਲ ਸਜਾਇਆ ਗਿਆ ਹੈ। ਨਤੀਜਿਆਂ ਦੇ ਪੱਖ ਤੋਂ ਵੀ ਸਕੂਲ ਪੰਜਾਬ ਦੇ ਮੋਹਰੀ ਸਕੂਲਾਂ ’ਚ ਸ਼ੁਮਾਰ ਹੋ ਗਿਆ ਹੈ। ਸਕੂਲ ਦੀ ਵਿਲੱਖਣਤਾ ਕਾਰਨ ਇਸ ਵਾਰ ਬੱਚਿਆਂ ਦੀ ਗਿਣਤੀ 500 ਤੋਂ ਵਧ ਕੇ 588 ਤੱਕ ਪੁੱਜ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅਜੇ ਹੋਰ ਵੀ ਬੱਚੇ ਸਕੂਲ ’ਚ ਦਾਖਲਾ ਲੈ ਸਕਦੇ ਹਨ। ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੀ ਸ਼ੋਭਾ ਸੁਣਕੇ ਤਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਉਚੇਚੇ ਤੌਰ ਤੇ ਸਕੂਲ ’ਚ ਪੁੱਜੇ ਅਤੇ ਅਧਿਆਪਕਾਂ ਦੀ ਪਿੱਠ ਥਾਪੜੀ।
ਝੱਖੜ ’ਚ ਵੀ ਚਿਰਾਗ ਬਲਦੇ ਰਹਿਣ - ਘਈ
ਮੌਜੂਦਾ ਸਮੇਂ ’ਚ ਸਰਕਾਰੀ ਸੀਨੀਅਰਸੈਕੰੰਡਰੀ ਸਕੂਲ ਚੰਨੋਂ ਵਿਖੇ ਸੇਵਾਵਾਂ ਨਿਭਾ ਰਹੇ ਪਿ੍ਰੰਸੀਪਲ ਪ੍ਰੀਤਇੰਦਰ ਘਈ ਦਾ ਕਹਿਣਾ ਸੀ ਕਿ ਜਦੋਂ ਤੱਕ ਸਾਹ ਵਗਦੇ ਹਨ ਤਾਂ ਉਸ ਨੇ ਹਰ ਦਿਨ ਸਿੱਖਿਆ ਦੇ ਲੇਖੇ ਲਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਆਖਿਆ ਕਿ ਭੀਖੀ ਸਕੂਲ ’ਚ ਵੀ ਉਨ੍ਹਾਂ ਆਪਣਾਂ ਫਰਜ ਨਿਭਾਇਆ ਹੈ ਅਤੇ ਉਮੀਦ ਹੈ ਕਿ ਝੱਖੜ ਦੌਰਾਨ ਵੀ ਅਧਿਆਪਕ ਸਕੂਲ ਦੇ ਬਨੇਰਿਆਂ ਤੇ ਜਗਦੇ ਚਿਰਾਗ ਬਲਦੇ ਰੱਖਣਗੇ।
ਅਧਿਆਪਕਾਂ ਤੇ ਫਖਰ:ਡੀਈਓ
ਜਿਲਾ ਸਿੱਖਿਆ ਅਫਸਰ ਮਾਨਸਾ ਸੁਰਜੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਅਜਿਹੇ ਅਧਿਆਪਕਾਂ ਨੂੰ ਸਲਾਮ ਹੈ ਜਿਨ੍ਹਾਂ ਗੁਰੂ ਚੇਲੇ ਦਾ ਰਾਹ ਰੁਸ਼ਨਾਉਣ ਲਈ ਪੂਰਾ ਤਾਣ ਲਾਇਆ ਹੈ। ਉਨ੍ਹਾਂ ਆਖਿਆ ਕਿ ਭੀਖੀ ਦੇ ਇਸ ਸਕੂਲ ’ਚ ਹਰ ਤਰਾਂ ਦੀਆਂ ਸਹੂਲਤਾਂ ਹਨ ਜਿਸ ਕਰਕੇ ਹੁਣ ਪ੍ਰਾਈਵੇਟ ਸਕੂਲ ਫਿਕਰਮੰਦ ਹੋਏ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਅਧਿਆਪਕਾਂ ’ਤੇ ਫਖਰ ਹੈ ਜਿਨ੍ਹਾਂ ਨੇ ਪਹਿਲਕਦਮੀ ਕਰ ਕੇ ਨਵਾਂ ਰਾਹ ਬਣਾ ਦਿੱਤਾ ਹੈ।
ਸਿੱਖਿਆ ਵਿਕਾਸ ਮੰਚ ਵੱਲੋਂ ਸ਼ਲਾਘਾ
ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਭੀਖੀ ਦੇ ਕੰਨਿਆਂ ਸਕੂਲ ਨੂੰ ਹਰ ਪੱਖ ਤੋਂ ਬੁਲੰਦੀਆਂ ਤੇ ਲਿਜਾਣ ਲਈ ਚੁੱਕੇ ਬੀੜੇ ਕਾਰਨ ਹੁਣ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲੱਗਿਆ ਹੈ। ਉਨ੍ਹਾਂ ਆਖਿਆ ਕਿ ਮੰਚ ਨੂੰ ਮਾਣ ਹੈ ਕਿ ਭੀਖੀ ਸਕੂਲ ਦੇ ਅਧਿਆਪਕਾਂ ਦਾ ਹਰ ਦਿਨ ਬੱਚੀਆਂ ਦੀ ਸਿੱਖਿਆ ਦੇ ਲੇਖੇ ਹੈ। ਉਨ੍ਹਾਂ ਆਖਿਆ ਕਿ ਸਕੂਲ ਸਫਾਈ ਦੇ ਪੱਖ ਤੋਂ ਸਵੱਛ ਭਾਰਤ ਦੀ ਮਿਸਾਲ ਹੈ ਤਾਂ ਸਿੱਖਿਆ ਪ੍ਰਤੀ ਵੀ ਇਸ ਦਾ ਕੋਈ ਸਾਨੀ ਨਹੀਂ ਹੈ। ਉਨ੍ਹਾਂ ਅਧਿਆਪਕਾਂ ਵੱਲੋਂ ਕੀਤੀਆਂ ਕੋਸ਼ਿਸਾਂ ਅਤੇ ਲੋਕਾਂ ਦੇ ਹੁੰਗਾਰੇ ਦੀ ਸ਼ਲਾਘਾ ਕੀਤੀ ਹੈ।