ਸੰਜੀਵ ਸੂਦ
ਲੁਧਿਆਣਾ, 28 ਜੂਨ 2020 - ਬੀਤੇ ਦਿਨੀਂ ਚੀਨ ਦੀ ਨਾਪਾਕ ਹਰਕਤ ਕਰਕੇ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿੱਚ ਇੱਕ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਗੁਰਤੇਜ ਵੀ ਸੀ। ਜਿਸ ਨੇ ਚੀਨੀਆਂ ਨਾਲ ਲੋਹਾ ਲੈਂਦਿਆਂ ਉਨ੍ਹਾਂ ਦਾ ਵੱਡਾ ਨੁਕਸਾਨ ਕੀਤਾ ਸੀ ਅਤੇ ਆਪਣੀ ਸ੍ਰੀ ਸਾਹਿਬ ਨਾਲ 12 ਚੀਨੀਆਂ ਨਾਲ ਕੱਲਾ ਲੜਿਆ ਸੀ। ਮਾਨਸਾ ਦੇ ਰਹਿਣ ਵਾਲੇ ਗੁਰਤੇਜ ਦੇ ਪਿੰਡ ਦੇ ਲੋਕ ਵੱਡੀ ਤਦਾਦ 'ਚ ਲੁਧਿਆਣਾ ਦੇ ਧਾਂਦਰਾ ਰੋਡ 'ਤੇ ਸਥਿਤ ਸ਼ਹੀਦ ਭਗਤ ਸਿੰਘ ਨਗਰ 'ਚ ਰਹਿੰਦੇ ਨੇ ਅਤੇ ਇਨ੍ਹਾਂ ਵੱਲੋਂ ਹੀ ਅੱਜ ਸ਼ਹੀਦ ਗੁਰਤੇਜ ਦੀ ਯਾਦ 'ਚ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ।
ਇਸ ਖ਼ੂਨਦਾਨ ਕੈਂਪ ਦੀ ਸ਼ੁਰੂਆਤ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਸ਼ਹੀਦ ਗੁਰਤੇਜ ਸਿੰਘ ਨੂੰ ਆਪਣੀ ਸ਼ਰਧਾਂਜਲੀ ਦਿੰਦਿਆਂ ਉਸ ਦੀ ਬਹਾਦਰੀ ਬਾਰੇ ਦੱਸਿਆ। ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਮਾਣ ਹੈ ਕਿ ਉਹ ਦੋ ਫ਼ੀਸਦੀ ਸਿੱਖ ਕੌਮ ਨਾਲ ਸਬੰਧਤ ਨੇ। ਪਰ ਇਹ ਦੋ ਫ਼ੀਸਦੀ ਹੀ ਲੱਖਾਂ 'ਤੇ ਭਾਰੀ ਨੇ। ਉਨ੍ਹਾਂ ਨੇ ਗੁਰਤੇਜ ਦੇ ਨਾਲ ਬਾਕੀ ਸ਼ਹੀਦਾਂ ਨੂੰ ਵੀ ਆਪਣੀ ਸ਼ਰਧਾਂਜਲੀ ਦਿੱਤੀ ਅਤੇ ਆਪਣਾ ਖੂਨਦਾਨ ਕੀਤਾ।