ਮਨਿੰਦਰਜੀਤ ਸਿੱਧੂ
- ਸੁਖਬੀਰ ਬਾਦਲ ਦਾ ਕਿਸਾਨ ਵਿਰੋਧੀ ਚੇਹਰਾ ਹੋਇਆ ਜੱਗ ਜ਼ਾਹਰ-ਵਿਧਾਇਕ ਮਾਸਟਰ ਬਲਦੇਵ ਸਿੰਘ
ਜੈਤੋ, 28 ਜੂਨ 2020 - ਬਾਦਲ ਪਰਿਵਾਰ ਜੋ ਦਹਾਕਿਆਂ ਤੋਂ ਕਿਸਾਨ ਹਿਤੈਸ਼ੀ ਹੋਣ ਦਾ ਨਕਾਬ ਪਹਿਣ ਕੇ ਪੰਜਾਬ ਦੇ ਕਿਸਾਨਾਂ ਦੀਆਂ ਵੋਟਾਂ ਬਟੋਰ ਕੇ ਕਈ ਵਾਰ ਪੰਜਾਬ ਵਿੱਚ ਰਾਜ ਸੱਤਾ ਭੋਗ ਚੁੱਕਾ ਹੈ ਅਤੇ ਕਈ ਵਾਰ ਕੇਂਦਰ ਦੀਆਂ ਵਜੀਰੀਆਂ ਦਾ ਲੁਤਫ ਉਠਾ ਚੁੱਕਾ ਹੈ, ਦਾ ਕਿਸਾਨ ਵਿਰੋਧੀ ਚੇਹਰਾ ਜੱਗ ਜ਼ਾਹਰ ਹੋ ਚੁੱਕਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜੈਤੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੁਆਰਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਹੱਕ ਵਿੱਚ ਬੋਲਣਾ ਇਹ ਸਪੱਸ਼ਟ ਕਰਦਾ ਹੈ ਕਿ ਉਸਨੂੰ ਪੰਜਾਬ ਦੇ ਕਿਸਾਨਾਂ ਨਾਲ ਕੋਈ ਮਤਲਬ ਨਹੀਂ, ਸਗੋਂ ਉਹ ਤਾਂ ਆਪਣੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਵਜੀਰੀ ਨੂੰ ਬਚਾ ਰਿਹਾ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿੰਨਾ ਪੰਜਾਬ ਅਤੇ ਪੰਜਾਬੀਅਤ ਦਾ ਨੁਕਸਾਨ ਕੀਤਾ ਹੈ ਇਹ ਗੱਲ ਕਿਸੇ ਕੋਲੋਂ ਲੁਕੀ ਨਹੀਂ।ਅੱਜ ਪੰਜਾਬ ਦਾ ਕਿਸਾਨ ਐਨਾ ਜਿਆਦਾ ਕਰਜਾਈ ਹੋ ਚੁੱਕਿਆ ਹੈ ਅਤੇ ਉਸਦੀ ਆਮਦਨ ਐਨੀ ਜਿਆਦਾ ਘੱਟ ਗਈ ਹੈ ਕਿ ਉਸਨੇ ਖੁਦਕੁਸ਼ੀਆਂ ਦਾ ਰਾਹ ਫੜ ਲਿਆ ਹੈ।ਜੇਕਰ ਕੇਂਦਰ ਸਰਕਾਰ ਇਹ ਆਰਡੀਨੈਂਸ ਲਾਗੂ ਕਰ ਦਿੰਦੀ ਹੈ ਤਾਂ ਪੰਜਾਬ ਦੀ ਸਾਹ ਵਰੋਲਦੀ ਕਿਸਾਨੀ ਬਿਲਕੁਲ ਖਤਮ ਹੋ ਜਾਵੇਗੀ ਅਤੇ ਕਿਸਾਨਾਂ ਦੀ ਬਰਬਾਦੀ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਵੀ ਜਿੰਮੇਵਾਰ ਹੋਣਗੇ।
ਉਹਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਆਪਣੀ ਪਤਨੀ ਦੀ ਗੱਦੀ ਨੂੰ ਬਰਕਰਾਰ ਰੱਖਣ ਲਈ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੱਸ ਸਟੈਂਡ ਚੌਂਕ ਜੈਤੋ ਵਿਖੇ ਸੁਖਬੀਰ ਬਾਦਲ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੁਜਾਹਰੇ ਵਿੱਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਅਬਜ਼ਰਵਰ ਵਿਧਾਇਕਾ ਰੁਪਿੰਦਰ ਕੌਰ ਰੂਬੀ, ਜਸਦੀਪ ਸਿੰਘ ਗੈਰੀ, ਜਿਲ੍ਹਾ ਅਬਜਰਵਰ ਭੁਪਿੰਦਰ ਕੌਰ, ਜਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਰਾਮੇਆਣਾ, ਹਲਕਾ ਇੰਚਾਰਜ਼ ਅਮੋਲਕ ਸਿੰਘ ਆਦਿ ਸ਼ਾਮਲ ਹੋਣਗੇ।