ਲੋਕੇਸ਼ ਰਿਸ਼ੀ
ਗੁਰਦਾਸਪੁਰ, 28 ਜੂਨ 2020 - ਐਤਵਾਰ ਨੂੰ ਜ਼ਿਲ੍ਹੇ ਅੰਦਰ 4 ਨਵੇਂ ਕੋਰੋਨਾ ਪੀੜਤਾਂ ਦੀ ਤਸਦੀਕ ਕੀਤੀ ਗਈ ਹੈ ਜਦੋਂ ਕਿ ਇੱਕ ਪੀੜਿਤ ਦੀ ਵੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਜਿੱਥੇ ਇੱਕ ਪਾਸੇ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਨਾਲ ਹੁਣ ਤੱਕ ਹੋਣ ਵਾਲੀਆਂ ਮੌਤਾਂ ਦੀ ਸੰਖਿਆ 3 ਤੋਂ ਵਧ ਕੇ 4 ਹੋ ਚੁੱਕੀ ਹੈ। ਉੱਥੇ ਹੀ ਜ਼ਿਲ੍ਹੇ ਅੰਦਰ ਮੌਜੂਦਾ ਐਕਟਿਵ ਕੇਸਾਂ ਦੀ ਸੰਖਿਆ 43 ਹੋ ਚੁੱਕੀ ਹੈ। ਫ਼ਿਲਹਾਲ ਜ਼ਿਲ੍ਹੇ ਭਰ ਦੇ ਸਿਹਤ ਵਿਭਾਗ, ਪੁਲਿਸ, ਪ੍ਰਸ਼ਾਸਨ ਅਤੇ ਕੋਰੋਨਾ ਵਾਰਿਅਰਜ਼ ਵੱਲੋਂ ਜ਼ਿਲ੍ਹੇ ਅੰਦਰ ਕੋਰੋਨਾ ਵਾਇਸ ਦੇ ਫੈਲਾਅ ਨੂੰ ਰੋਕਣ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕੋਰੋਨਾ ਵਾਇਰਸ ਨਾਲ ਹੋਈ ਮੌਤ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐਮ.ਓ ਡਾ. ਸੰਜੀਵ ਕੁਮਾਰ ਭੱਲਾ ਨੇ ਦੱਸਿਆ। ਕਿ ਬੀਤੀ ਰਾਤ ਬਟਾਲਾ ਦੇ ਨੇੜਲੇ ਪਿੰਡ ਮਸਾਣੀਆਂ ਵਾਸੀ ਪਿਆਰ ਕੌਰ (65) ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਿਰਤਕ ਬਜ਼ੁਰਗ ਔਰਤ ਪਿਆਰ ਕੌਰ ਪਹਿਲਾਂ ਤੋਂ ਹੀ ਸ਼ੂਗਰ, ਕਿਡਨੀ ਦੀ ਬਿਮਾਰੀ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਪਿਛਲੇ 6-7 ਦਿਨਾਂ ਤੋਂ ਉਸ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਿਰਤਕ ਔਰਤ ਦੇ ਕੋਰੋਨਾ ਐਕਟਿਵ ਪਾਏ ਜਾਣ ਤੋਂ ਬਾਦ ਉਸ ਦੇ ਪਰਿਵਾਰ ਦੇ ਨਾਲ ਨਾਲ ਪਿੰਡ ਦੇ ਬਾਕੀ ਲੋਕਾਂ ਦੇ ਵੀ ਕੋਰੋਨਾ ਟੈੱਸਟ ਕੀਤੇ ਜਾ ਚੁੱਕੇ ਸਨ ਅਤੇ ਉਨ੍ਹਾਂ ਵਿਚੋਂ ਕੋਈ ਹੋਰ ਕੋਰੋਨਾ ਪਾਜ਼ਿਟਿਵ ਨਹੀਂ ਪਾਇਆ ਗਿਆ।
ਉੱਥੇ ਦੂਜੇ ਪਾਸੇ ਪੂਰੇ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਐਤਵਾਰ ਨੂੰ ਜ਼ਿਲ੍ਹੇ ਅੰਦਰ 4 ਨਵੇਂ ਕੋਰੋਨਾ ਐਕਟਿਵ ਮਰੀਜ਼ ਪਾਏ ਗਏ ਹਨ। ਜਿਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਮੌਜੂਦਾ ਕੋਰੋਨਾ ਪੀੜਤਾਂ ਦੀ ਸੰਖਿਆ 43 ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 225 ਕੋਰੋਨਾ ਐਕਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 178 ਠੀਕ ਹੋ ਕੇ ਆਪਣੇ ਆਪਣੇ ਘਰਾਂ ਅੰਦਰ ਇਕਾਂਤ ਵਾਸ ਵਿੱਚ ਰੱਖੇ ਗਏ ਹਨ ਅਤੇ ਹੁਣ ਤੱਕ 4 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਜ਼ਿਲ੍ਹੇ ਅੰਦਰ ਕੁੱਲ 43 ਕੋਰੋਨਾ ਐਕਟਿਵ ਕੇਸ ਮੌਜੂਦ ਹਨ। ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਖੇ ਅਈਸੋਲੇਟ ਕੀਤਾ ਗਿਆ ਹੈ।