ਮਨਿੰਦਰਜੀਤ ਸਿੱਧੂ
ਜੈਤੋ, 28 ਜੂਨ 2020 - ਡਾਢਿਆਂ ਦਾ ਸੱਤੀਂ ਵੀਹੀਂ ਸੌ, ਪੰਜਾਬੀ ਦੀ ਕਹਾਵਤ ਜਿਸਦਾ ਭਾਵ ਕਿ ਤਾਕਤਵਰ ਜਾਂ ਜੋਰਾਵਰ ਬੰਦਾ ਚਾਹੇ ਕੋਈ ਨਜਾਇਜ ਕੰਮ ਕਰੇ ਅਤੇ ਸ਼ਰੇਆਮ ਦਿਸਦਾ ਵੀ ਹੋਵੇ, ਫਿਰ ਵੀ ਉਸਨੂੰ ਜਾਇਜ ਹੀ ਸਮਝਿਆ ਜਾਂਦਾ ਹੈ।ਇਹ ਕਹਾਵਤ ਜੈਤੋ ਦਾ ਦਿਲ ਕਹੇ ਜਾਂਦੇ ਰਾਮਲੀਲ੍ਹਾ ਗਰਾਊਂਡ ਵਿਖੇ ਪ੍ਰਤੱਖ ਰੂਪ ਵਿੱਚ ਦੇਖਣ ਨੂੰ ਮਿਲੀ।ਇਸ ਇਲਾਕੇ ਵਿੱਚ ਜਿਆਦਾ ਭੀੜ ਭੜੱਕਾ ਹੋਣ ਕਰਕੇ ਅਕਸਰ ਹੀ ਟਰੈਫਿਕ ਜਾਮ ਰਹਿੰਦਾ ਹੈ ਜਿਸ ਕਾਰਨ ਨਗਰ ਕੌਂਸਲ ਵੱਲੋਂ ਰੋਜੀ ਰੋਟੀ ਦੀ ਤਾਕ ਵਿੱਚ ਖੜ੍ਹੇ ਰੇਹੜੀਆਂ ਵਾਲਿਆਂ ਖਿਲਾਫ ਕਾਰਵਾਈ ਅਤੇ ਜੁਰਮਾਨੇ ਆਦਿ ਕੀਤੇ ਜਾਂਦੇ ਹਨ।
ਪੁਲਿਸ ਵੱਲੋਂ ਇਸ ਇਲਾਕੇ ਵਿੱਚ ਸੜਕਾਂ ਦੇ ਆਸੇ ਪਾਸੇ ਖੜ੍ਹੇ ਰੇਹੜੀਆਂ ਵਾਲਿਆਂ ਦੀ ਡੰਡਾ ਪਰੇਡ ਦੀਆਂ ਖਬਰਾਂ ਵੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ, ਪਰ ਉਸੇ ਰਾਮਲੀਲ੍ਹਾ ਗਰਾਊਂਡ ਵਿੱਚ ਸਥਿਤ ਬਾਂਸਲ ਮਿਲਕ ਸੈਂਟਰ ਨਾਮਕ ਡੇਅਰੀ ਦੇ ਮਾਲਕ ਵੱਲੋਂ ਨਿਊ ਮਾਰਕਿਟ ਨੂੰ ਜਾਂਦੀ ਮੁੱਖ ਸੜਕ ਦੇ ਉੱਪਰ ਵੱਡਾ ਜਰਨੇਟਰ ਰੱਖ ਦਿੱਤਾ ਹੈ ਅਤੇ ਉਸ ਨੂੰ ਪੱਕੇ ਤੌਰ ਤੇ ਸਥਾਪਿਤ ਕਰਨ ਲਈ ਥੜ੍ਹਿਆਂ ਵਗੈਰਾ ਦਾ ਵੀ ਸੜਕ ਉੱਪਰ ਨਿਰਮਾਣ ਕਰਕੇ ਨਜ਼ਾਇਜ ਕਬਜਾ ਕਰ ਲਿਆ। ਇਸ ਤੋਂ ਵੀ ਵੱਧ ਹੈਰਾਨੀ ਅਤੇ ਅਫਸੋਸ ਦੀ ਗੱਲ ਇਹ ਹੈ ਕਿ ਦੁਕਾਨਦਾਰਾਂ ਦੇ ਬਾਹਰ ਪਏ ਆਰਜੀ ਫਲੈਕਸ ਬੋਰਡਾਂ ਨੂੰ ਟਰਾਲੀਆਂ ਵਿੱਚ ਲੱਦ ਕੇ ਲਿਜਾਣ ਵਾਲੀ ਨਗਰ ਕੌਂਸਲ ਨੇ ਬਾਂਸਲ ਮਿਲਕ ਸੈਂਟਰ ਦੁਆਰਾ ਜਰਨੇਟਰ ਰੱਖ ਕੇ ਕੀਤੇ ਨਜ਼ਾਇਜ ਕਬਜੇ ਦਾ ਅਜੇ ਤੱਕ ਨੋਟਿਸ ਨਹੀਂ ਲਿਆ ਜਾਂ ਜਾਣ ਬੁੱਝ ਕੇ ਦੇਖ ਕੇ ਅਣਡਿੱਠ ਕਰ ਦਿੱਤਾ ਹੈ।
ਹੋਰ ਵੀ ਹੈਰਾਨੀ ਦੀ ਗੱਲ ਇਹ ਕਿ ਇਸ ਸੰਬੰਧੀ ਇੱਕ ਦਿਨ ਪਹਿਲਾਂ ਵੀ ਅਖਬਾਰਾਂ ਵਿੱਚ ਖਬਰਾਂ ਲੱਗ ਜਾਣ ਦੇ ਬਾਵਜੂਦ ਪਰਨਾਲਾ ਦਾ ਉੱਥੇ ਦਾ ਉੱਥੇ ਹੋਣਾ ਨਗਰ ਕੌਂਸਲ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਉਂਦਾ ਹੈ। ਜਿਕਰਯੋਗ ਹੈ ਕਿ ਇਹ ਦੁਕਾਨ ਲਾਕਡਾਊਂਨ ਦੇ ਦੌਰਾਨ ਵੀ ਕਦੇ ਬੰਦ ਨਹੀ ਰਹੀ।ਸੜਕ ਉੱਪਰ ਨਜ਼ਾਇਜ ਕਬਜਾ ਕਰਕੇ ਰੱਖਿਆ ਜਰਨੇਟਰ ਜਿੱਥੇ ਟਰੈਫਿਕ ਦੀ ਸਮੱਸਿਆ ਵਿੱਚ ਵਾਧਾ ਕਰੇਗਾ ਉੱਥੇ ਲੱਖਾਂ ਰੁਪਏ ਖਰਚ ਕੇ ਐੱਮ.ਪੀ ਮੁਹੰਮਦ ਸਦੀਕ ਦੁਆਰਾ ਕੀਤੇ ਰਾਮਲੀਲਾ ਗਰਾਊਂਡ ਦੇ ਸੁੰਦਰੀਕਰਨ ਦਾ ਵੀ ਮੂੰਹ ਚਿੜ੍ਹਾਵੇਗਾ।
ਕੀ ਕਹਿੰਦੇ ਹਨ ਜੇ.ਈ. ਨਿਰਭੈ ਸਿੰਘ-ਇਸ ਨਜ਼ਾਇਜ ਕੀਤੇ ਕਬਜੇ ਸੰਬੰਧੀ ਜਦ ਅਸੀਂ ਨਗਰ ਕੌਂਸਲ ਜੈਤੋ ਵਿਖੇ ਤੈਨਾਤ ਜੇ.ਈ. ਨਿਰਭੈ ਸਿੰਘ ਨਾਲ ਫੋਨ ਉੱਪਰ ਗੱਲ ਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਜਰਨੇਟਰ ਨੂੰ ਹਟਾਉਣ ਲਈ ਸੰਬੰਧਿਤ ਦੁਕਾਨਦਾਰ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ, ਜੇਕਰ ਸੋਮਵਾਰ ਤੱਕ ਜਰਨੇਟਰ ਨਹੀਂ ਹਟਾਇਆ ਗਿਆ ਤਾਂ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਕੀ ਕਹਿੰਦੇ ਹਨ ਡੀ.ਐੱਸ.ਪੀ ਪਰਮਿੰਦਰ ਸਿੰਘ ਬਰਾੜ- ਇਸ ਘਟਨਾਕ੍ਰਮ ਸੰਬੰਧੀ ਜਦ ਅਸੀਂ ਡੀ.ਐੱਸ.ਪੀ ਜੈਤੋ ਪਰਮਿੰਦਰ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਸੰਬੰਧੀ ਪੜਤਾਲ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।