ਸਿਹਤ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਬੈਠਕ ਲੈਂਦੇ ਹੋਏ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਰਵਿੰਦ ਪਾਲ ਸਿੰਘ ਸੰਧੂ
ਜਗਦੀਸ਼ ਥਿੰਦ
ਫਾਜ਼ਿਲਕਾ 28 ਜੂਨ
ਜਿਲਾ ਫਾਜ਼ਿਲਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਵੱਧਦੀ ਗਿਣਤੀ ਨੂੰ ਕਾਬੂ ਪਾਉਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਸਿਹਤ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਜ਼ਿਲਾ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਸ੍ਰ. ਸੰਧੂ ਨੇ ਵਿਸ਼ੇਸ਼ ਤੌਰ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਜ਼ਿਲੇ ਅੰਦਰ ਘੱਟ ਕਰਨ ਲਈ ਸੈਂਪਲਿੰਗ ਪ੍ਰਕਿਰਿਆ ’ਚ ਹੋਰ ਵਧੇਰੇ ਤੇਜ਼ੀ ਲਿਆਉਣ ਦੀ ਲੋੜ ਹੈ, ਜਿਸਦੇ ਲਈ ਸਿਹਤ ਟੀਮਾਂ ਨੂੰ ਸ਼ੱਕੀ ਵਿਅਕਤੀ ਦੀ ਤੁਰੰਤ ਸੈਂਪਲ ਲੈ ਕੇ ਜਾਂਚ ਆਰੰਭ ਕਰਨੀ ਚਾਹੀਦੀ ਹੈ।
ਉਨਾਂ ਕਿਹਾ ਕਿ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜੋ ਵੀ ਵਿਅਕਤੀ ਕਰੋਨਾ ਪਾਜ਼ੀਟਿਵ ਆਉਂਦਾ ਹੈ, ਉਸ ਦੇ ਪਰਿਵਾਰਕ ਮੈਂਬਰਾ ਅਤੇ ਕੇਸ ਹਿਸਟਰੀ ਦੀ ਤੁਰੰਤ ਪੜਤਾਲ ਕਰਕੇ ਸੈਂਪਲ ਲਏ ਜਾਣ, ਤਾਂ ਜੋ ਕੋਵਿਡ 19 ਦੀ ਮਹਾਂਮਾਰੀ ਨੂੰ ਜ਼ਿਲੇ ਅੰਦਰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਸੈਂਪਲ ਲੈਣ ਵੇਲੇ ਕਿਸੇ ਕਿਸਮ ਦੀ ਅਣਗਹਿਲੀ ਦਾ ਵਰਤੀ ਜਾਵੇ। ਉਨਾਂ ਕਿਹਾ ਕਿ ਮਿਸ਼ਨ ਫ਼ਤਹਿ ਤਹਿਤ ਹਰੇਕ ਵਿਭਾਗੀ ਅਧਿਕਾਰੀ ਕੋਵਿਡ 19 ਦੀ ਸਾਵਧਾਨੀਆਂ ਬਾਰੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਯਕੀਨੀ ਬਣਾਵੇ।
ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਹਰ ਵਿਅਕਤੀ ਨੂੰ ਜਨਤਕ ਸਥਾਨਾਂ ਤੇ ਹਮੇਸ਼ਾ ਆਪਣਾ ਮੂੰਹ ਮਾਸਕ ਜਾਂ ਕਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਾਲ ਨਾਲ ਜਨਤਕ ਥਾਵਾਂ ਤੇ ਬਿਲਕੁੱਲ ਵੀ ਥੁੱਕਿਆ ਨਾ ਜਾਵੇ। ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਜੋ ਵਿਅਕਤੀ ਮਾਸਕ ਨਹੀਂ ਲਗਾਉਂਦਾ ਜਾਂ ਜਨਤਕ ਥਾਵਾਂ ਕੋਵਿਡ 19 ਦੀਆਂ ਸਾਵਧਾਨੀਆਂ ਬਾਰੇ ਅਣਗਹਿਲੀ ਕਰਦਾ ਹੈ ਸਖ਼ਤੀ ਨਾਲ ਨਜਿੱਠਿਆ ਜਾਵੇ।
ਉਨਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੋ ਵੀ ਸ਼ਕੀ ਮਰੀਜ ਨਜ਼ਰ ਆਉਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਸਿਹਤ ਵਿਭਾਗ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ’ਤੇ ਕੰਟਰੋਲ ਕੀਤਾ ਜਾ ਸਕੇ। ਉਨਾਂ ਕਿਹਾ ਕਿ ਬਾਹਰੋ ਆਉਣ ਵਾਲੇ ਹਰੇਕ ਵਿਅਕਤੀ ਦੀ ਸਕਰੀਨਿੰਗ ਕਰਨੀ ਯਕੀਨੀ ਬਣਾਈ ਜਾਵੇ ਅਤੇ ਲੋੜ ਪੈਣ ’ਤੇ ਸੈਂਪਿਗ ਵੀ ਕੀਤੀ ਜਾਵੇ। ਉਨਾਂ ਪੁਲਿਸ ਵਿਭਾਗ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਹਰੇਕ ਇੰਟਰ ਸਟੇਟ ਅਤੇ ਇੰਟਰ ਡਿਸਟਿਕ ਨਾਕਿਆਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਯਕੀਨੀ ਬਣਾਏ ਜਾਣ ਤਾਂ ਜੋ ਹਰੇਕ ਆਉਣ ਵਾਲੇ ਵਿਅਕਤੀ ’ਤੇ ਨਜ਼ਰਸਾਨੀ ਰੱਖੀ ਜਾ ਸਕੇ। ਉਨਾਂ ਮਾਸਕ ਨਾ ਪਾਉਣ, ਜਨਤਕ ਥਾਵਾਂ ’ਤੇ ਥੁੱਕਣ ਅਤੇ ਸਮਾਜਿਕ ਦੂਰੀ ਬਰਕਰਾਰ ਨਾ ਰੱਖਣ ਵਾਲਿਆਂ ’ਤੇ ਸਖਤੀ ਕਰਦਿਆਂ ਚਲਾਨ ਕਰਨ ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇ। ਉਨਾਂ ਕਿਹਾ ਕਿ ਬਾਰਡਰ ਰਾਹੀਂ ਜ਼ਿਲੇ ਅੰਦਰ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਦੇ ਮੋਬਾਈਲ ’ਚ ਕੋਵਾ ਐਪ ਡਾਉਨਲੋਡ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਵਿਅਕਤੀ ਦਾ ਮੁਕੰਮਲ ਡਾਟਾ ਐਪ ਰਾਹੀਂ ਪ੍ਰਾਪਤ ਕੀਤਾ ਜਾ ਸਕੇ।
ਇਸ ਮੌਕੇ ਜ਼ਿਲਾ ਪੁਲਿਸ ਮੁਖੀ ਸ. ਹਰਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਕਵਰਜੀਤ ਸਿੰਘ, ਸਹਾਇਕ ਕਮਿਸ਼ਨਰ (ਸ਼ਿ) ਮੈਡਮ ਪੂਨਮ ਸਿੰਘ, ਐਸ.ਡੀ.ਐਮ ਫ਼ਾਜ਼ਿਲਕਾ ਕੇਸ਼ਵ ਗੋਇਲ, ਸ. ਜਸਪਾਲ ਸਿੰਘ ਬਰਾੜ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।